ਨਵੀਂ ਦਿੱਲੀ (ਜੇਐੱਨਐੱਨ) : ਦਿੱਲੀ ਕੈਪੀਟਲਜ਼ ਨੇ ਯੂਪੀ ਵਾਰੀਅਰਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਮਹਿਲਾ ਪ੍ਰਰੀਮੀਅਰ ਲੀਗ (ਡਬਲਯੂਪੀਐੱਲ) ਦੇ ਫਾਈਨਲ ਵਿਚ ਥਾਂ ਬਣਾਈ। ਉਥੇ ਦਿਨ ਦੇ ਪਹਿਲੇ ਮੁਕਾਬਲੇ ਵਿਚ ਆਰਸੀਬੀ ਨੂੰ ਹਰਾ ਕੇ ਛੇਵੀਂ ਜਿੱਤ ਦਰਜ ਕਰਨ ਵਾਲੀ ਮੁੰਬਈ ਤੇ ਯੂਪੀ ਵਾਰੀਅਰਜ਼ ਦੀਆਂ ਟੀਮਾਂ ਏਲੀਮੀਨੇਟਰ ਮੈਚ ਖੇਡਣਗੀਆਂ। ਉਸ ਮੁਕਾਬਲੇ ਦੀ ਜੇਤੂ ਟੀਮ 26 ਮਾਰਚ ਨੂੰ ਹੋਣ ਵਾਲੇ ਫਾਈਨਲ ਵਿਚ ਦਿੱਲੀ ਕੈਪੀਟਲਜ਼ ਨਾਲ ਭਿੜੇਗੀ। ਦਿੱਲੀ ਤੇ ਮੁੰਬਈ ਨੇ ਅੱਠ-ਅੱਠ ਲੀਗ ਮੈਚਾਂ ਵਿਚ ਛੇ-ਛੇ ਮੈਚ ਜਿੱਤੇ ਹਨ ਪਰ ਰਨ ਰੇਟ ਦੇ ਆਧਾਰ 'ਤੇ ਮੇਗ ਲੈਨਿੰਗ ਦੀ ਕਪਤਾਨੀ ਵਾਲੀ ਦਿੱਲੀ ਨੇ ਅੰਕ ਸੂਚੀ ਵਿਚ ਸਿਖਰ 'ਤੇ ਥਾਂ ਬਣਾਈ। ਡਬਲਯੂਪੀਐੱਲ ਦੇ ਫਾਰਮੈਟ ਦੇ ਮੁਤਾਬਕ ਲੀਗ ਗੇੜ ਵਿਚ ਸਿਖਰ 'ਤੇ ਰਹਿਣ ਵਾਲੀ ਟੀਮ ਨੂੰ ਸਿੱਧਾ ਫਾਈਨਲ ਵਿਚ ਥਾਂ ਮਿਲਦੀ ਹੈ ਜਦਕਿ ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਏਲੀਮੀਨੇਟਰ ਮੈਚ ਖੇਡਦੀਆਂ ਹਨ। ਮੈਚ ਵਿਚ ਯੂਪੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ 'ਤੇ 138 ਦੌੜਾਂ ਬਣਾਈਆਂ। ਦਿੱਲੀ ਦੀ ਟੀਮ ਨੇ 17.5 ਓਵਰਾਂ ਵਿਚ ਪੰਜ ਵਿਕਟਾਂ 'ਤੇ 142 ਦੌੜਾਂ ਬਣਾ ਕੇ ਮੈਚ ਪੰਜ ਵਿਕਟਾਂ ਨਾਲ ਆਪਣੇ ਨਾਂ ਕੀਤਾ।

Posted By: Gurinder Singh