ਅਭਿਸ਼ੇਕ ਤਿ੍ਪਾਠੀ, ਅਹਿਮਦਾਬਾਦ : ਭਾਰਤ ਨੇ ਵੀਰਵਾਰ ਨੂੰ ਇੰਗਲੈਂਡ ਖ਼ਿਲਾਫ਼ ਖ਼ਤਮ ਹੋਇਆ ਤੀਜਾ ਟੈਸਟ ਮੈਚ ਦੂਜੇ ਹੀ ਦਿਨ 10 ਵਿਕਟਾਂ ਨਾਲ ਜਿੱਤ ਲਿਆ। ਇਹ ਮੈਚ ਸਿਰਫ਼ ਦੋ ਦਿਨ ਵਿਚ ਖ਼ਤਮ ਹੋਇਆ। ਅਜਿਹਾ ਨਹੀਂ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਕੋਈ ਟੈਸਟ ਮੈਚ ਦੋ ਦਿਨ ਵਿਚ ਖ਼ਤਮ ਹੋਇਆ। ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਇਹ 22 ਵਾਰ ਹੋ ਚੁੱਕਾ ਹੈ। ਹਾਲਾਂਕਿ ਇਸ ਵਾਰ ਕ੍ਰਿਕਟ ਜਗਤ ਪਿੱਚ ਨੂੰ ਲੈ ਕੇ ਵੰਡਿਆ ਨਜ਼ਰ ਆ ਰਿਹਾ ਹੈ। ਕੁਝ ਲੋਕ ਇਸ ਨੂੰ ਟੈਸਟ ਕ੍ਰਿਕਟ ਦਾ ਗ਼ਲਤ ਪ੍ਰਚਾਰ ਦੱਸ ਰਹੇ ਹਨ ਤਾਂ ਕੁਝ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੂੰ ਇਸ ਵੱਲ ਕਦਮ ਉਠਾਉਣ ਦੀ ਮੰਗ ਕਰ ਰਹੇ ਹਨ। ਇਸ ਵਾਰ ਸਾਬਕਾ ਖਿਡਾਰੀਆਂ ਤੇ ਇੰਗਲਿਸ਼ ਮੀਡੀਆ ਨੇ ਵੀ ਮਿਲਿਆ ਜੁਲਿਆ ਰੁਖ਼ ਅਪਣਾਇਆ ਹੈ। ਇੰਗਲਿਸ਼ ਕੁਮੈਂਟੇਟਰ ਡੇਵਿਡ ਲਾਇਡ ਦਾ ਮੰਨਣਾ ਹੈ ਕਿ ਜਦ ਮੈਚ ਅਜਿਹੀ ਲਾਟਰੀ ਹੋਵੇ ਤਾਂ ਸਹੀ ਮਾਅਨਿਆਂ ਵਿਚ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਜਿੱਤ ਰਿਹਾ ਹੈ। ਇਹ ਕੋਈ ਮੁਕਾਬਲਾ ਨਹੀਂ ਸੀ। ਛੋਟੇ ਟੈਸਟ ਮੈਚਾਂ ਨਾਲ ਆਰਥਕ ਤੌਰ 'ਤੇ ਕਾਫੀ ਨੁਕਸਾਨ ਹੁੰਦਾ ਹੈ। ਇਹ ਪਿੱਚ ਬਹੁਤ ਹੀ ਖ਼ਰਾਬ ਸੀ। ਇਸ ਵਾਰ ਮੁੜ ਸਵਾਲ ਆਈਸੀਸੀ ਤੋਂ ਪੁੱਿਛਆ ਜਾਣਾ ਚਾਹੀਦਾ ਹੈ। ਹਾਲਾਂਕਿ ਬੁੱਧਵਾਰ ਨੂੰ ਮੈਚ ਖ਼ਤਮ ਹੋਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਪਿੱਚ ਬੱਲੇਬਾਜ਼ੀ ਲਈ ਕਾਫੀ ਚੰਗੀ ਸੀ। ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਖ਼ਰਾਬ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ 30 ਵਿਚੋਂ 21 ਵਿਕਟਾਂ ਸਿੱਧੀਆਂ ਗੇਂਦਾਂ 'ਤੇ ਡਿੱਗੀਆਂ। ਜਦ ਵਿਰਾਟ ਦੱਖਣੀ ਅਫਰੀਕਾ ਵਿਚ ਕੇਪਟਾਊਨ ਵਿਚ ਹਰੀ ਪਿੱਚ 'ਤੇ ਅਤੇ ਆਸਟ੍ਰੇਲੀਆ ਵਿਚ ਐਡੀਲੇਡ ਵਿਚ ਡੇ-ਨਾਈਟ ਟੈਸਟ ਵਿਚ ਹਾਰੇ ਸਨ ਤਾਂ ਉਨ੍ਹਾਂ ਨੇ ਪਿੱਚ ਦੀ ਬੁਰਾਈ ਨਹੀਂ ਕੀਤੀ ਸੀ। ਭਾਰਤੀ ਕੋਚ ਰਵੀ ਸ਼ਾਸਤਰੀ ਤੇ ਵਿਰਾਟ ਦਾ ਇਹ ਪਿਛਲੇ ਕਈ ਸਾਲਾਂ ਤੋਂ ਸਟੈਂਡ ਰਿਹਾ ਹੈ ਕਿ ਅਸੀਂ ਵਿਦੇਸ਼ ਵਿਚ ਜਿਹੋ ਜਿਹੀ ਪਿੱਚ ਮਿਲੇਗੀ ਉਸ 'ਤੇ ਖੇਡਾਂਗੇ। ਵਿਦੇਸ਼ੀ ਟੀਮ ਸਾਡੇ ਦੇਸ਼ ਆਵੇ ਤਾਂ ਸਾਡੇ ਹਾਲਾਤ ਦੇ ਹਿਸਾਬ ਨਾਲ ਖੇਡੇ। ਇੰਗਲਿਸ਼ ਕਪਤਾਨ ਜੋ ਰੂਟ ਨੇ ਖੁੱਲ੍ਹ ਕੇ ਇਸ ਪਿੱਚ ਦਾ ਵਿਰੋਧ ਨਹੀਂ ਕੀਤਾ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜੋ ਦਰਸ਼ਕ ਇਸ ਮੈਚ ਨੂੰ ਦੇਖਣ ਆਏ ਸਨ ਉਨ੍ਹਾਂ ਨਾਲ ਧੋਖਾ ਹੋਇਆ ਹੈ ਤੇ ਉਹ ਖ਼ੁਦ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਰੂਟ ਨੇ ਵੀਰਵਾਰ ਨੂੰ ਮੈਚ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿਉਂਕਿ ਇਹ ਇਕ ਸ਼ਾਨਦਾਰ ਸਟੇਡੀਅਮ ਹੈ ਤੇ ਹਜ਼ਾਰਾਂ ਲੋਕ ਇਸ ਉਮੀਦ ਨਾਲ ਆਏ ਸਨ ਕਿ ਇਕ ਬਿਹਤਰੀਨ ਤੇ ਯਾਦਗਾਰ ਮੈਚ ਦੇਖਣ ਨੂੰ ਮਿਲੇਗਾ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਬਿ੍ਟਿਸ਼ ਮੀਡੀਆ ਨੇ ਗੁਲਾਬੀ ਗੇਂਦ ਦੇ ਟੈਸਟ ਵਿਚ ਆਪਣੀ ਕ੍ਰਿਕਟ ਟੀਮ ਦੇ ਭਾਰਤ ਹੱਥੋਂ ਦੋ ਦਿਨ ਵਿਚ ਹਾਰਨ ਦੀ ਨਿੰਦਾ ਕੀਤੀ ਤੇ ਇਸ ਲਈ ਵਿਵਾਦਤ ਰੋਟੇਸ਼ਨ ਨੀਤੀ ਤੇ ਆਪਣੇ ਬੱਲੇਬਾਜ਼ਾਂ ਦੀ ਤਕਨੀਕੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ।

ਇਸ ਵਿਕਟ ਬਾਰੇ ਕੁਝ ਵੀ ਖ਼ਤਰਨਾਕ ਨਹੀਂ ਸੀ। ਜੇ ਵਿਕਟ ਖ਼ਤਰਨਾਕ ਹੈ ਤਾਂ ਆਈਸੀਸੀ ਅੰਕ ਘਟਾਉਣ ਦਾ ਫ਼ੈਸਲਾ ਕਰ ਸਕਦੀ ਹੈ। ਹਾਂ ਇਸ ਟੈਸਟ ਮੈਚ ਵਿਚ ਯਕੀਨੀ ਤੌਰ 'ਤੇ ਬੱਲੇ 'ਤੇ ਗੇਂਦ ਦੀ ਜਿੱਤ ਹੋਈ ਤੇ ਇਹ ਇਕਤਰਫ਼ਾ ਰਿਹਾ।

-ਕੇਵਿਨ ਪੀਟਰਸਨ, ਸਾਬਕਾ ਇੰਗਲਿਸ਼ ਕਪਤਾਨ

ਪਿੱਚ ਨੂੰ ਲੈ ਕੇ ਕਾਫੀ ਗੱਲ ਹੋ ਰਹੀ ਹੈ ਪਰ ਬਾਟਮ ਲਾਈਨ ਇਹ ਹੈ ਕਿ ਮਹੱਤਵਪੂਰਨ ਟਾਸ ਜਿੱਤਣ ਤੋਂ ਬਾਅਦ ਇੰਗਲੈਂਡ ਦਾ ਸਕੋਰ ਇਕ ਸਮੇਂ 73/2 ਸੀ। ਇਸ ਤੋਂ ਬਾਅਦ ਉਹ ਮੈਚ ਹਾਰ ਗਿਆ। ਇੰਗਲੈਂਡ ਸਿਰਫ਼ ਪਿੱਚ ਦਾ ਬਹਾਨਾ ਨਹੀਂ ਬਣਾ ਸਦਾ।

-ਨਾਸਿਰ ਹੁਸੈਨ, ਸਾਬਕਾ ਇੰਗਲਿਸ਼ ਕਪਤਾਨ

ਅਜਿਹਾ ਕਿਸੇ ਨਿਯਮ ਵਿਚ ਨਹੀਂ ਲਿਖਿਆ ਹੈ ਕਿ ਕਿਸ ਤਰ੍ਹਾਂ ਦੀ ਪਿੱਚ ਬਣਾਉਣੀ ਚਾਹੀਦੀ ਹੈ। ਪਿੱਚ 'ਤੇ ਟਾਸ ਜਿੱਤ ਕੇ ਪਹਿਲਾਂ ਖੇਡਣ ਦਾ ਬਦਲ ਸਾਨੂੰ ਮਿਲਿਆ। ਫਿਰ ਵੀ ਉਹ ਜਿੱਤ ਗਏ।

-ਜਿਓਫਰੀ ਬਾਇਕਾਟ, ਸਾਬਕਾ ਇੰਗਲਿਸ਼ ਕਪਤਾਨ

ਮੈਨੂੰ ਨਹੀਂ ਪਤਾ ਕਿ ਦੋ ਦਿਨ ਵਿਚ ਖ਼ਤਮ ਹੋਇਆ ਮੈਚ ਟੈਸਟ ਕ੍ਰਿਕਟ ਲਈ ਚੰਗਾ ਹੈ ਜਾਂ ਨਹੀਂ। ਜੇ ਅਨਿਲ ਕੁੰਬਲੇ ਤੇ ਹਰਭਜਨ ਸਿੰਘ ਇਸ ਤਰ੍ਹਾਂ ਦੀ ਪਿੱਚ 'ਤੇ ਗੇਂਦਬਾਜ਼ੀ ਕਰਦੇ ਤਾਂ ਉਹ 1000 ਤੇ 800 ਵਿਕਟਾਂ ਲੈ ਚੁੱਕੇ ਹੁੰਦੇ।

-ਯੁਵਰਾਜ ਸਿੰਘ, ਸਾਬਕਾ ਭਾਰਤੀ ਹਰਫ਼ਨਮੌਲਾ

ਮੈਨੂੰ ਲਗਦਾ ਹੈ ਕਿ ਪਿੱਚ ਚੁਣੌਤੀਪੂਰਨ ਸੀ ਪਰ ਅਜਿਹੀ ਵੀ ਨਹੀਂ ਸੀ ਕਿ ਇਸ 'ਤੇ ਖੇਡਿਆ ਨਾ ਜਾ ਸਕੇ। ਇੰਗਲੈਂਡ ਪਹਿਲੀ ਪਾਰੀ ਵਿਚ 112 ਦੌੜਾਂ ਤੋਂ ਵੱਧ ਦੌੜਾਂ ਬਣਾ ਸਕਦਾ ਸੀ। ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਮਿਲਣਾ ਸੀ।

-ਮਾਈਕ ਅਥਰਟਨ, ਸਾਬਕਾ ਇੰਗਲਿਸ਼ ਕਪਤਾਨ

Posted By: Susheel Khanna