ਜੇਐੱਨਐੱਨ, ਨਵੀਂ ਦਿੱਲੀ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਸੋਮਵਾਰ ਨੂੰ ਅਬੂਧਾਬੀ 'ਚ ਖੇਡੇ ਗਏ ਆਈਪੀਐੱਲ ਮੁਕਾਬਲੇ 'ਚ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਖ਼ਿਲਾਫ਼ ਹਮਲਾਵਰ ਸ਼ੁਰੂਆਤ ਕੀਤੀ ਤੇ ਏਬੀ ਡਿਵੀਲੀਅਰਸ ਦੀ ਤੂਫ਼ਾਨੀ ਬੱਲੇਬਾਜ਼ੀ ਨੇ ਟੀਮ ਦੇ ਸਕੋਰ ਨੂੰ 20 ਓਵਰਾਂ 'ਚ 194 ਤਕ ਪਹੁੰਚਾ ਦਿੱਤਾ। ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਰਜਾਹ ਦੀ ਪਿਚ ਨੂੰ ਦੇਖਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਜਿਸ ਨੂੰ ਓਪਨਰਾਂ ਦੇਵਦੱਤ ਪਡੀਕੱਲ ਤੇ ਆਰੋਨ ਫਿੰਚ ਨੇ ਸਹੀ ਸਾਬਤ ਕੀਤਾ ਤੇ ਕੇਕੇਆਰ ਦੇ ਗੇਂਦਬਾਜ਼ਾਂ ਖ਼ਿਲਾਫ਼ ਤੇਜ਼ੀ ਨਾਲ ਦੌੜਾਂ ਬਣਾਈਆਂ। ਇਸ ਦੌਰਾਨ ਆਂਦਰੇ ਰਸਲ ਨੇ ਪਡੀਕੱਲ ਨੂੰ ਕਲੀਨ ਬੋਲਡ ਕਰ ਕੇ ਟੀ-20 ਕ੍ਰਿਕਟ 'ਚ ਆਪਣੇ 300 ਵਿਕਟ ਪੂਰੇ ਕੀਤੇ। ਪਡੀਕੱਲ 23 ਗੇਂਦਾਂ 'ਤੇ 32 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਫਿੰਚ ਤੇ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਤੇ ਫਿੰਚ 37 ਗੇਂਦਾਂ 'ਤੇ 47 ਦੌੜਾਂ ਬਣਾ ਕੇ ਪ੍ਰਸਿਧ ਕ੍ਰਿਸ਼ਨਾ ਦਾ ਸ਼ਿਕਾਰ ਬਣੇ। ਕੋਹਲੀ ਦਾ ਸਾਥ ਦੇਣ ਆਏ ਏਬੀ ਡਿਵੀਲੀਅਰ ਨੇ ਹਮਲਾਵਰ ਰੁਖ ਅਪਣਾਇਆ ਤੇ ਲਗਾਤਾਰ ਚੌਕੇ ਛੱਕਿਆ ਨਾਲ ਗੇਂਦਬਾਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਆਪਣੀ ਪਾਰੀ 'ਚ 5 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 33 ਗੇਂਦਾਂ 'ਤੇ ਸ਼ਾਨਦਾਰ 73 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਵੀ ਇਕ ਪਾਸੇ ਮੋਰਚਾ ਸੰਭਾਲਿਆ ਤੇ 28 ਗੇਂਦਾਂ 'ਤੇ 33 ਦੌੜਾਂ ਬਣਾਈਆਂ। ਕੇਕੇਆਰ ਵੱਲੋ ਵਰੁਣ ਚੱਕਰਵਤੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਆਪਣੇ ਤੈਅ 4 ਓਵਰਾਂ 'ਚ ਸਿਰਫ 25 ਦੌੜਾਂ ਦਿੱਤੀਆਂ ਹਾਲਾਂਕਿ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ।

195 ਦੌੜਾਂ ਦਾ ਪਿੱਛਾ ਕਰਨ ਮੈਦਾਨ 'ਤੇ ਉਤਰੀ ਕੋਲਕਾਤਾ ਨਾਈਟਰਾਈਡਰਜ਼ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ 12ਵੇਂ ਓਵਰ 'ਚ ਉਸ ਦੇ ਪੰਜ ਬੱਲੇਬਾਜ਼ 64 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸਮੇਂ ਤਕ ਦੌੜਾਂ ਦੇ ਮਾਮਲੇ 'ਚ ਸਿਰਫ ਸ਼ੁਭਮ ਗਿੱਲ (34 ਦੌੜਾਂ) ਦਹਾਈ ਦਾ ਅੰਕ ਪੂਰਾ ਕਰ ਸਕਿਆ ਜਦੋਂ ਕਿ ਬਾਕੀ ਚਾਰ ਬੱਲੇਬਾਜ਼ ਜਲਦੀ ਜਲਦੀ ਆਊਟ ਹੁੰਦੇ ਗਏ। ਆਰਸੀਬੀ ਵੱਲੋਂ ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਆਪਣੇ ਕੋਟੇ ਦੇ ਚਾਰ ਓਵਰਾਂ 'ਚ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸਤੋਂ ਬਾਅਦ ਕੇਕੇਆਰ ਦੀ ਪਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢੇਰੀ ਹੋ ਗਈ ਤੇ ਸਾਰੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 112 ਦੌੜਾਂ ਹੀ ਬਣਾ ਸਕੀ।

Posted By: Susheel Khanna