ਜੇਐੱਨਐੱਨ, ਨਵੀਂ ਦਿੱਲੀ : ਐਤਵਾਰ ਨੂੰ ਦੁਬਈ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਹੀ ਦਿਨ ਬਹੁਤ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਦਿੱਲੀ ਕੈਪੀਟਲਜ਼ ਦੀ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿਚ ਪੁੱਜੇ ਮੁਕਾਬਲੇ ਵਿਚ ਹਰਾ ਕੇ ਟੂਰਨਾਮੈਂਟ ਵਿਚ ਜਿੱਤ ਨਾਲ ਆਗਾਜ਼ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਦੀ ਟੀਮ ਨੇ ਮਾਰਕਸ ਸਟੋਈਨਿਸ ਦੇ ਧਮਾਕੇਦਾਰ ਅਰਧ ਸੈਂਕੜੇ ਦੇ ਦਮ 'ਤੇ ਅੱਠ ਵਿਕਟਾਂ 'ਤੇ 157 ਦੌੜਾਂ ਦਾ ਸਕੋਰ ਖੜ੍ਹਾ ਕੀਤਾ।

ਜਵਾਬ ਵਿਚ ਪੰਜਾਬ ਦੀ ਟੀਮ ਨੇ ਮਯੰਕ ਅਗਰਵਾਲ ਦੀ 89 ਦੌੜਾਂ ਦੀ ਪਾਰੀ ਦੇ ਦਮ 'ਤੇ ਅੱਠ ਵਿਕਟਾਂ 'ਤੇ 157 ਦੌੜਾਂ ਬਣਾਈਆਂ ਤੇ ਮੈਚ ਟਾਈ ਹੋ ਗਿਆ। ਸਕੋਰ ਬਰਾਬਰ ਹੋਣ ਤੋਂ ਬਾਅਦ ਜੇਤੂ ਦਾ ਫ਼ੈਸਲਾ ਸੁਪਰ ਓਵਰ ਨਾਲ ਕੀਤਾ ਗਿਆ। ਦਿੱਲੀ ਵੱਲੋਂ ਕੈਗਿਸੋ ਰਬਾਦਾ ਨੇ ਪੰਜਾਬ ਨੂੰ ਸਿਰਫ਼ ਦੋ ਦੌੜਾਂ 'ਤੇ ਆਲ ਆਊਟ (ਸੁਪਰ ਓਵਰ ਵਿਚ ਦੋ ਬੱਲੇਬਾਜ਼ ਆਊਟ ਹੋਣ 'ਤੇ ਟੀਮ ਆਲ ਆਊਟ ਮੰਨੀ ਜਾਂਦੀ ਹੈ) ਕਰ ਦਿੱਤਾ। ਪੰਜਾਬ ਵੱਲੋਂ ਬੱਲੇਬਾਜ਼ੀ ਕਰਨ ਆਏ ਕਪਤਾਨ ਕੇਐੱਲ ਰਾਹੁਲ ਦੋ ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਗਲੇਨ ਮੈਕਸਵੈਲ ਖ਼ਾਤਾ ਵੀ ਨਹੀਂ ਖੋਲ ਸਕੇ। ਦਿੱਲੀ ਨੇ ਬਿਨਾਂ ਵਿਕਟ ਗੁਆਏ ਤੀਜੀ ਗੇਂਦ 'ਤੇ ਟੀਚਾ ਹਾਸਲ ਕਰ ਕੇ ਜਿੱਤ ਦਰਜ ਕੀਤੀ।

Posted By: Sunil Thapa