ਨਵੀਂ ਦਿੱਲੀ (ਪੀਟੀਆਈ) : ਸਰਬ ਭਾਰਤੀ ਟੈਨਿਸ ਮਹਾਸੰਘ (ਏਆਈਟੀਏ) ਨੇ ਬੁੱਧਵਾਰ ਨੂੰ ਵਿਸ਼ਵ ਪੱਧਰੀ ਸੰਸਥਾ ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈਟੀਐੱਫ) ਨੂੰ ਕਿਹਾ ਕਿ ਉਹ ਪਾਕਿਸਤਾਨ ਖ਼ਿਲਾਫ਼ ਇਸਲਾਮਾਬਾਦ 'ਚ ਡੇਵਿਸ ਕੱਪ ਮੁਕਾਬਲੇ ਨੂੰ ਜਾਂ ਤਾਂ ਮੁਅੱਤਲ ਕਰਨ ਜਾਂ ਫਿਰ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਸਿਆਸੀ ਤਣਾਅ ਨੂੰ ਦੇਖਦੇ ਹੋਏ 'ਆਪ ਨੋਟਿਸ' ਲੈ ਕੇ ਨਿਰਪੱਖ ਥਾਂ 'ਤੇ ਮੁਕਾਬਲਾ ਕਰਵਾਏ। ਪਹਿਲਾਂ ਤੋਂ ਜ਼ਿਆਦਾ ਹਮਲਵਾਰ ਵਤੀਰਾ ਅਪਣਾਉਂਦੇ ਹੋਏ ਏਆਈਟੀਏ ਨੇ ਕਿਹਾ ਕਿ 14-15 ਸਤੰਬਰ ਨੂੰ ਹੋਣ ਵਾਲੇ ਏਸ਼ੀਆ ਓਸੀਆਨਾ ਗਰੁੱਪ ਇਕ ਮੁਕਾਬਲੇ ਲਈ ਉਹ ਨਿਰਪੱਖ ਥਾਂ ਦੀ ਬੇਨਤੀ ਨਹੀਂ ਕਰੇਗਾ ਜਿਵੇਂ ਕਿ ਆਈਟੀਐੱਫ ਨੇ ਕਿਹਾ ਹੈ। ਏਆਈਟੀਏ ਚਾਹੁੰਦਾ ਹੈ ਕਿ ਆਈਟੀਐੱਫ ਮੌਜੂਦਾ ਹਾਲਾਤ ਦੇ ਆਧਾਰ 'ਤੇ ਫ਼ੈਸਲਾ ਕਰੇ ਤੇ ਮਹਾਸੰਘ ਨੇ ਨਾਲ ਹੀ ਹੈਰਾਨੀ ਜ਼ਾਹਿਰ ਕੀਤੀ ਕਿ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਭਾਰਤ ਨੂੰ ਬੇਨਤੀ ਕਰਨ ਲਈ ਕਹਿ ਰਹੀ ਹੈ ਜਦਕਿ ਇਸ ਦੀ ਜ਼ਿੰਮੇਵਾਰੀ ਆਈਟੀਐੱਫ ਦੀ ਹੈ। ਆਟੀਐੱਫ ਦੇ ਕਾਰਜਕਾਰੀ ਡਾਇਰੈਕਟਰ ਜਸਟਿਨ ਅਲਬਰਟ ਨੂੰ ਲਿਖੇ ਪੱਤਰ ਵਿਚ ਆਈਟੀਏ ਨੇ ਕਿਹਾ ਕਿ ਮੌਜੂਦਾ ਹਾਲਾਤ 'ਚ ਆਈਟੀਐੱਫ ਦੇ ਬੋਰਡ ਆਫ ਡਾਇਰਕੈਟਰਜ਼ ਉਪਰੋਕਤ ਦੋ ਬਦਲਾਂ 'ਤੇ ਵਿਚਾਰ ਕਰਨ।