ਸਾਊਥੈਂਪਟਨ (ਪੀਟੀਆਈ) : ਪਿਛਲੇ ਸਾਲ ਵਿਸ਼ਵ ਕੱਪ ਟੀਮ 'ਚੋਂ ਐਨ ਮੌਕੇ ਬਾਹਰ ਕੀਤੇ ਗਏ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਆਇਰਲੈਂਡ ਖ਼ਿਲਾਫ਼ ਪਹਿਲੇ ਵਨ ਡੇ ਮੈਚ ਵਿਚ ਪੰਜ ਵਿਕਟਾਂ ਲੈ ਕੇ ਵਾਪਸੀ ਕੀਤੀ ਤੇ ਆਪਣੇ ਵਨ ਡੇ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕੀਤਾ। ਇਹ ਪਹਿਲਾ ਮੌਕਾ ਹੈ ਜਦ ਉਨ੍ਹਾਂ ਨੇ ਵਨ ਡੇ ਕ੍ਰਿਕਟ ਵਿਚ ਪੰਜ ਵਿਕਟਾਂ ਹਾਸਲ ਕੀਤੀਆਂ ਪਰ ਉਨ੍ਹਾਂ ਨੇ ਕਿਹਾ ਕਿ ਅਜੇ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਆਉਣਾ ਬਾਕੀ ਹੈ।

ਵਿਲੀ ਨੇ ਪਹਿਲੇ ਵਨ ਡੇ ਵਿਚ 30 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ ਸਨ ਜਿਸ ਦੀ ਬਦੌਲਤ ਆਇਰਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 44.4 ਓਵਰਾਂ ਵਿਚ 172 ਦੌੜਾਂ 'ਤੇ ਸਿਮਟ ਗਈ। ਜਵਾਬ ਵਿਚ ਇੰਗਲੈਂਡ ਨੇ ਸੈਮ ਬਿਲਿੰਗਜ਼ ਦੀਆਂ ਅਜੇਤੂ 67 ਦੌੜਾਂ ਦੀ ਮਦਦ ਨਾਲ 27.5 ਓਵਰਾਂ ਵਿਚ ਚਾਰ ਵਿਕਟਾਂ 'ਤੇ 174 ਦੌੜਾਂ ਬਣਾ ਕੇ ਛੇ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਆਇਰਲੈਂਡ ਤੇ ਇੰਗਲੈਂਡ ਵਿਚਾਲੇ ਦੂਜਾ ਵਨ ਡੇ ਮੈਚ ਸ਼ਨਿਚਰਵਾਰ ਨੂੰ ਸਾਊਥੈਂਪਟਨ ਵਿਚ ਹੀ ਖੇਡਿਆ ਜਾਵੇਗਾ। ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਪਣੀ ਧਰਤੀ 'ਤੇ ਇਹ ਇੰਗਲੈਂਡ ਦਾ ਪਹਿਲਾ ਵਨ ਡੇ ਮੈਚ ਸੀ। ਇੰਗਲੈਂਡਨੇ 22.1 ਓਵਰ ਬਾਕੀ ਰਹਿੰਦੇ ਟੀਚਾ ਹਾਸਲ ਕੀਤਾ। ਇਸ ਸੀਰੀਜ਼ ਰਾਹੀਂ ਆਈਸੀਸੀ ਕ੍ਰਿਕਟ ਵਿਸ਼ਵ ਸੁਪਰ ਲੀਗ ਦੀ ਵੀ ਸ਼ੁਰੂਆਤ ਹੋ ਗਈ ਜੋ ਭਾਰਤ ਵਿਚ 2023 ਵਿਚ ਹੋਣ ਵਾਲੇ ਵਿਸ਼ਵ ਕੱਪ ਦੀ ਕੁਆਲੀਫਿਕੇਸ਼ਨ ਪ੍ਰਕਿਰਿਆ ਦਾ ਹਿੱਸਾ ਹੈ।