ਆਬੂਧਾਬੀ (ਪੀਟੀਆਈ) : ਸਨਰਾਈਜਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਆਈਪੀਐੱਲ ਵਿਚ ਲਗਾਤਾਰ ਦੂਜੀ ਹਾਰ ਤੋਂ ਬਾਅਦ ਆਪਣੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਦੀ ਨਿੰਦਾ ਕੀਤੀ ਤੇ ਕਿਹਾ ਕਿ ਵਿਚਾਲੇ ਦੇ ਓਵਰਾਂ ਵਿਚ ਖ਼ਰਾਬ ਬੱਲੇਬਾਜ਼ੀ ਨੇ ਮੁੜ ਟੀਮ ਨੂੰ ਨਿਰਾਸ਼ ਕੀਤਾ। ਵਾਰਨਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ ਜਿਸ ਤੋਂ ਬਾਅਦ ਮਨੀਸ਼ ਪਾਂਡੇ (38 ਗੇਂਦਾਂ ਵਿਚ 51 ਦੌੜਾਂ) ਤੇ ਰਿੱਧੀਮਾਨ ਸਾਹਾ (31 ਗੇਂਦਾਂ ਵਿਚ 30 ਦੌੜਾਂ) ਕੇਕੇਆਰ ਦੀ ਮੱਧ ਓਵਰਾਂ ਵਿਚ ਅਨੁਸ਼ਾਸਤ ਗੇਂਦਬਾਜ਼ੀ ਦਾ ਸਾਹਮਣਾ ਨਹੀਂ ਕਰ ਸਕੇ ਤੇ ਟੀਮ ਸਿਰਫ਼ 143 ਦੌੜਾਂ ਦਾ ਟੀਚਾ ਦੇ ਸਕੀ।

ਜ਼ਖ਼ਮੀ ਵਿਜੇ ਸ਼ੰਕਰ ਦੀ ਥਾਂ ਉਤਰੇ ਬੰਗਾਲ ਦੇ ਵਿਕਟਕੀਪਰ ਬੱਲੇਬਾਜ਼ ਸਾਹਾ ਨੇ ਹੌਲੀ ਸ਼ੁਰੂਆਤ ਕੀਤੀ ਤੇ ਰਨ ਆਊਟ ਹੋਣ ਤੋਂ ਪਹਿਲਾਂ ਕਾਫੀ ਗੇਂਦਾਂ ਗੁਆਈਆਂ। ਵਾਰਨਰ ਨੇ ਸ਼ਨਿਚਰਵਾਰ ਨੂੰ ਮਿਲੀ ਸੱਤ ਵਿਕਟਾਂ ਦੀ ਹਾਰ ਤੋਂ ਬਾਅਦ ਕਿਹਾ ਕਿ ਅਸੀਂ ਗੇਂਦਬਾਜ਼ਾਂ 'ਤੇ ਦਬਾਅ ਬਣਾ ਸਕਦੇ ਸੀ ਤੇ ਵਿਚਾਲੇ ਦੇ ਓਵਰਾਂ ਵਿਚ ਬਾਊਂਡਰੀ ਲਾ ਸਕਦੇ ਸੀ। ਮੈਂ ਡਾਟ ਗੇਂਦਾਂ ਤੋਂ ਬਾਅਦ ਵੱਧ ਨਿਰਾਸ਼ ਹਾਂ ਕਿਉਂਕਿ ਵਿਚਾਲੇ ਦੇ ਓਵਰਾਂ ਵਿਚ ਲਗਭਗ 35 ਤੋਂ 36 ਗੇਂਦਾਂ ਡਾਟ ਰਹੀਆਂ ਜੋ ਟੀ-20 ਕ੍ਰਿਕਟ ਵਿਚ ਜਾਇਜ਼ ਨਹੀਂ ਹਨ।

ਮੈਨੂੰ ਲਗਦਾ ਹੈ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਅਸੀਂ ਕੁਝ ਜੋਖ਼ਮ ਉਠਾ ਕੇ ਸ਼ਾਟ ਖੇਡ ਸਕਦੇ ਸੀ। ਅਸੀਂ ਬੈਂਚ 'ਤੇ ਬੱਲੇਬਾਜ਼ਾਂ ਨੂੰ ਬੈਠੇ ਹੋਏ ਨਹੀਂ ਦੇਖਣਾ ਚਾਹੁੰਦੇ ਤੇ ਸਿਰਫ਼ ਦੋ ਬੱਲੇਬਾਜ਼ 20 ਓਵਰਾਂ ਤਕ ਬੱਲੇਬਾਜ਼ੀ ਨਹੀਂ ਕਰ ਸਕਦੇ। ਮੇਰੇ ਆਊਟ ਹੋਣ ਤੋਂ ਬਾਅਦ ਅਸੀਂ ਚਾਰ ਪੰਜ ਓਵਰ ਖੇਡੇ ਤੇ 20 ਦੌੜਾਂ ਬਣਾਈਆਂ।