ਨਵੀਂ ਦਿੱਲੀ (ਜੇਐੱਨਐੱਨ) : ਆਸਟ੍ਰੇਲੀਆ ਕ੍ਰਿਕਟ ਟੀਮ ਦੇ ਧਮਾਕੇਦਾਰ ਓਪਨਰ ਡੇਵਿਡ ਵਾਰਨਰ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਆਪਣੀਆਂ ਧੀਆਂ ਨੂੰ ਜਾਗਰੂਕ ਕਰ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਖਾਲੀ ਸਮੇਂ ਵਿਚ ਉਹ ਆਪਣੀਆਂ ਧੀਆਂ ਨੂੰ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਿਵੇਂ ਕੀਤੀ ਜਾਵੇ ਇਹ ਸਿਖਾ ਰਹੇ ਹਨ। ਇਸ ਸਮੇਂ ਪੂਰੀ ਦੁਨੀਆ 'ਤੇ ਕੋਰੋਨਾ ਵਾਇਰਸ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਲਗਾਤਾਰ ਇਸ ਮਹਾਮਾਰੀ ਕਾਰਨ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਵਾਇਰਸ ਦੇ ਖ਼ਤਰੇ ਕਾਰਨ ਹੀ ਸਾਰੀਆਂ ਕ੍ਰਿਕਟ ਲੀਗਾਂ ਤੇ ਦੌਰਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਖ਼ਾਲੀ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਤੋਂ ਬਾਅਦ ਬਾਕੀ ਦੋ ਮੈਚਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ। ਪੂਰੀ ਦੁਨੀਆ ਵਿਚ ਇਹ ਸੁਨੇਹਾ ਜਾਰੀ ਕਰ ਦਿੱਤਾ ਗਿਆ ਹੈ ਕਿ ਬਿਨਾਂ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲੋ। ਆਸਟ੍ਰੇਲੀਆ ਕ੍ਰਿਕਟ ਟੀਮ ਦੇ ਓਪਨਰ ਡੇਵਿਡ ਵਾਰਨਰ ਵੀ ਆਪਣੇ ਪਰਿਵਾਰ ਨਾਲ ਘਰ 'ਤੇ ਰਹਿ ਕੇ ਇਸ ਵਾਇਰਸ ਦੇ ਖ਼ਤਰੇ ਤੋਂ ਬਚਾਅ ਕਰ ਰਹੇ ਹਨ। ਵਾਰਨ ਨੇ ਸੋਮਵਾਰ ਨੂੰ ਆਪਣੀ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਬੱਚਿਆਂ ਨੂੰ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ ਸਿਖਾ ਰਹੇ ਹਨ।

ਵੀਡੀਓ 'ਚ ਇਸ ਤਰ੍ਹਾਂ ਕਰਦੇ ਨੇ ਗੱਲ :

ਵਾਰਨਰ ਨੇ ਜੋ ਵੀਡੀਓ ਪੋਸਟ ਕੀਤਾ ਹੈ ਉਸ ਵਿਚ ਉਹ ਆਪਣੀ ਧੀ ਤੋਂ ਪੁੱਛਦੇ ਹਨ, ਤਾਂ ਅਸੀਂ ਸੈਨੇਟਾਈਜ਼ਰ ਦਾ ਇਸਤੇਮਾਲ ਕਿਉਂ ਕਰਦੇ ਹਾਂ। ਧੀ ਦਾ ਜਵਾਬ ਆਉਂਦਾ ਹੈ ਕਿਉਂਕਿ ਇਹ ਵਾਇਰਸ ਨੂੰ ਮਾਰਦਾ ਹੈ। ਇਸ ਤੋਂ ਬਾਅਦ ਵਾਰਨਰ ਕਹਿੰਦੇ ਹਨ ਤਾਂ ਸਾਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਹਮੇਸ਼ਾ ਆਪਣੇ ਹੱਥ ਨੂੰ ਹੈਂਡ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਚਾਹੀਦਾ ਹੈ ਜਦ ਕਦੀ ਵੀ ਕਿਸੇ ਸਮਾਨ ਨੂੰ ਛੂੰਹਦੇ ਹਾਂ।