ਜੋਹਾਨਸਬਰਗ (ਪੀਟੀਆਈ) : ਦੱਖਣੀ ਅਫਰੀਕਾ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਮੌਜੂਦਾ ਸਮੇਂ ਵਿਚ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਨੂੰ ਸਰਬਤੋਮ ਗੇਂਦਬਾਜ਼ੀ ਇਕਾਈ ਦੱਸਿਆ ਹੈ। ਸਟੇਨ ਨੂੰ ਵੀ ਆਈਪੀਐੱਲ 2020 ਦੀ ਨਿਲਾਮੀ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਖ਼ਰੀਦਿਆ ਹੈ। ਟਵਿੱਟਰ 'ਤੇ ਇਕ ਯੂਜ਼ਰ ਨੇ ਪੁੱਛਿਆ ਕਿ ਮੌਜੂਦਾ ਸਮੇਂ ਵਿਚ ਕਿਹੜਾ ਗੇਂਦਬਾਜ਼ੀ ਹਮਲਾ ਸਰਬੋਤਮ ਹੈ ਤਾਂ ਸਟੇਨ ਨੇ ਭਾਰਤੀ ਟੀਮ ਦੇ ਪੱਖ ਵਿਚ ਆਪਣਾ ਮਤ ਦਿੱਤਾ। ਨਾਲ ਹੀ ਉਨ੍ਹਾਂ ਤੋਂ ਜਦ ਸਰਬੋਤਮ ਬੱਲੇਬਾਜ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਵਿੰਟਨ ਡਿਕਾਕ, ਏਬੀ ਡਿਵੀਲੀਅਰਜ਼ ਤੇ ਵਿਰਾਟ ਕੋਹਲੀ ਦਾ ਨਾਂ ਲਿਆ। ਸਟੇਨ ਨੂੰ ਨਿਲਾਮੀ ਵਿਚ ਪਹਿਲਾਂ ਦੋ ਵਾਰ ਕਿਸੇ ਵੀ ਟੀਮ ਨੇ ਨਹੀਂ ਖ਼ਰੀਦਿਆ ਪਰ ਬਾਅਦ ਵਿਚ ਬੈਂਗਲੁਰੂ ਨੇ ਉਨ੍ਹਾਂ ਨੂੰ ਦੋ ਕਰੋੜ ਦੇ ਆਧਾਰ ਮੁੱਲ 'ਤੇ ਆਪਣੇ ਨਾਲ ਜੋੜਿਆ। ਉਨ੍ਹਾਂ ਨੂੰ ਨਵੰਬਰ ਵਿਚ ਰਿਲੀਜ਼ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਪਿਛਲੇ ਸੈਸ਼ਨ ਵਿਚ ਆਰਸੀਬੀ ਲਈ ਸਿਰਫ਼ ਦੋ ਹੀ ਮੈਚ ਖੇਡੇ ਸਨ।