ਨਵੀਂ ਦਿੱਲੀ (ਪੀਟੀਆਈ) : ਦੱਖਣੀ ਅਫਰੀਕਾ ਦੇ ਦਿੱਗਜ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਆਈਪੀਐੱਲ ਦੀ ਨਿੰਦਾ ਕਰਨ ਲਈ ਬੁੱਧਵਾਰ ਨੂੰ ਮਾਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੁਨੀਆ ਦੇ ਸਭ ਤੋਂ ਵੱਡੇ ਫਰੈਂਚਾਈਜ਼ੀ ਆਧਾਰਿਤ ਟੀ-20 ਕ੍ਰਿਕਟ ਟੂਰਨਾਮੈਂਟ ਦੀ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਨਹੀਂ ਸੀ। 37 ਸਾਲ ਦੇ ਤੇਜ਼ ਗੇਂਦਬਾਜ਼ ਸਟੇਨ ਨੇ ਕਿਹਾ ਕਿ ਉਨ੍ਹਾਂ ਦੇ ਇਸ ਬਿਆਨ ਨੂੰ ਇੰਟਰਨੈੱਟ ਮੀਡੀਆ 'ਤੇ ਵਧਾਅ-ਚੜ੍ਹਾਅ ਕੇ ਪੇਸ਼ ਕੀਤਾ ਗਿਆ ਕਿ ਆਈਪੀਐੱਲ ਵਿਚ ਪੈਸਿਆਂ ਦੀ ਗੱਲ ਵਿਚਾਲੇ ਕਈ ਵਾਰ ਕ੍ਰਿਕਟ ਨੂੰ ਭੁਲਾ ਦਿੱਤਾ ਜਾਂਦਾ ਹੈ। ਸਟੇਨ ਨੇ ਟਵੀਟ ਕੀਤਾ ਕਿ ਮੇਰੇ ਕਰੀਅਰ ਵਿਚ ਆਈਪੀਐੱਲ ਸ਼ਾਨਦਾਰ ਰਿਹਾ, ਹੋਰ ਖਿਡਾਰੀਆਂ ਲਈ ਵੀ। ਮੇਰਾ ਇਰਾਦਾ ਕਦੀ ਇਸ ਦੀ ਬੇਇੱਜ਼ਤੀ ਕਰਨਾ ਜਾਂ ਕਿਸੇ ਹੋਰ ਲੀਗ ਨਾਲ ਤੁਲਨਾ ਕਰਨ ਦਾ ਨਹੀਂ ਸੀ। ਇੰਟਰਨੈੱਟ ਮੀਡੀਆ 'ਤੇ ਸ਼ਬਦਾਂ ਨੂੰ ਵਧਾਅ-ਚੜ੍ਹਾ ਕੇ ਪੇਸ਼ ਕਰਨ ਨਾਲ ਕਈ ਵਾਰ ਅਜਿਹਾ ਹੋ ਜਾਂਦਾ ਹੈ। ਜੇ ਮੈਂ ਇਸ ਨਾਲ ਕਿਸੇ ਨੂੰ ਨਿਰਾਸ਼ ਕੀਤਾ ਹੈ ਤਾਂ ਇਸ ਲਈ ਮਾਫ਼ੀ ਮੰਗਦਾ ਹਾਂ।

ਪੀਐੱਸਐੱਲ 'ਚ ਕਵੇਟਾ ਦੀ ਟੀਮ ਦਾ ਹਨ ਹਿੱਸਾ

ਸਟੇਨ ਨੇ ਇਕ ਪਾਸੇ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ਦੀ ਗੱਲ ਕਰਦਿਆਂ ਦਾਅਵਾ ਕੀਤਾ ਸੀ ਕਿ ਆਈਪੀਐੱਲ ਵਿਚ ਖੇਡ ਤੋਂ ਵੱਧ ਪੈਸੇ ਨੂੰ ਮਹੱਤਵ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਮਾਫ਼ੀ ਮੰਗੀ ਹੈ। ਸਟੇਨ ਇਸ ਲੀਗ ਵਿਚ ਕਵੇਟਾ ਗਲੇਡੀਏਟਰਜ਼ ਵੱਲੋਂ ਖੇਡ ਰਹੇ ਹਨ। ਸਟੇਨ ਨੇ ਕਿਹਾ ਕਿ ਇਹ ਉਨ੍ਹਾਂ ਕਾਰਨਾਂ ਵਿਚੋਂ ਇਕ ਹੈ ਜਿਸ ਕਾਰਨ ਉਹ ਨਿੱਜੀ ਰੂਪ ਨਾਲ ਇਸ ਟੂਰਨਾਮੈਂਟ ਵਿਚ ਰੈਗੂਲਰ ਤੌਰ 'ਤੇ ਹਿੱਸਾ ਨਹੀਂ ਲੈਂਦੇ।