ਦੁਬਈ (ਪੀਟੀਆਈ) : ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਸ਼ੁੱਕਰਵਾਰ ਨੂੰ ਆਤਮਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਜ਼ ਦੀ ਟੀਮ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿਚ ਆਪਣੇ ਤੀਜੇ ਮੁਕਾਬਲੇ ਤੋਂ ਪਹਿਲਾਂ ਬੱਲੇਬਾਜ਼ੀ ਨੰਬਰ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨੰਬਰ 'ਤੇ ਵਿਚਾਰ ਕਰਨਾ ਚਾਹੇਗੀ। ਸ਼ਾਰਜਾਹ ਦੀ ਬੱਲੇਬਾਜ਼ੀ ਲਈ ਢੁਕਵੀਂ ਪਿੱਚ 'ਤੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਮਿਲੀ ਹਾਰ ਲਈ ਉਨ੍ਹਾਂ ਦੇ ਸਪਿੰਨਰਾਂ ਦੇ ਖ਼ਰਾਬ ਪ੍ਰਦਸ਼ਨ ਤੇ ਨਿਰਾਸ਼ਾਜਨਕ 20ਵੇਂ ਓਵਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਪਰ ਬੱਲੇਬਾਜ਼ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਇਸ ਨਾਲੋਂ ਦੋਸ਼ ਮੁਕਤ ਨਹੀਂ ਕਰ ਸਕਦੇ, ਖ਼ਾਸ ਕਰ ਕੇ ਮੁਰਲੀ ਵਿਜੇ, ਕੇਦਾਰ ਜਾਧਵ ਤੇ ਖ਼ੁਦ ਕਪਤਾਨ ਧੋਨੀ। ਧੋਨੀ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸਨ। ਉਨ੍ਹਾਂ ਨੇ ਸੈਮ ਕੁਰਨ, ਜਾਧਵ ਤੇ ਰਿਤੂਰਾਜ ਗਾਇਕਵਾੜ ਨੂੰ ਖ਼ੁਦ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜਿਆ ਪਰ ਇਹ ਰਣਨੀਤੀ ਉਨ੍ਹਾਂ ਲਈ ਬੁਰੀ ਤਰ੍ਹਾਂ ਨਾਕਾਮ ਰਹੀ ਜਿਸ ਨਾਲ ਫਾਫ ਡੁਪਲੇਸਿਸ 'ਤੇ ਘੱਟ ਸਮੇਂ ਵਿਚ ਕਾਫੀ ਦੌੜਾਂ ਬਣਾਉਣ ਦਾ ਦਬਾਅ ਵਧ ਗਿਆ। ਧੋਨੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਛੱਕੇ ਲਾਉਣ ਦੀ ਕਾਬਲੀਅਤ ਦੇ ਹੁਣ ਵੀ ਮੁਰੀਦ ਹਨ ਪਰ ਨੇੜਿਓਂ ਦੇਖਿਆ ਜਾਵੇ ਤਾਂ ਉਹ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਤੇਜ਼ੀ ਨਾਲ ਨਹੀਂ ਖੇਡ ਸਕੇ ਤੇ ਜਦ ਮੱਧਮ ਰਫ਼ਤਾਰ ਦੇ ਗੇਂਦਬਾਜ਼ ਟਾਮ ਕੁਰਨ ਗੇਂਦਬਾਜ਼ੀ ਕਰਨ ਉਤਰੇ ਤਾਂ ਹੀ ਧੋਨੀ ਹਮਲਵਾਰ ਹੋ ਸਕੇ ਤੇ ਉਹ ਵੀ ਤਦ ਹੋਇਆ ਜਦ ਮੁਕਾਬਲਾ ਹੀ ਖ਼ਤਮ ਹੋ ਚੁੱਕਾ ਸੀ।

ਦਿੱਲੀ ਕੈਪੀਟਲਜ਼ ਦਾ ਵਧਿਆ ਹੈ ਆਤਮਵਿਸ਼ਵਾਸ :

ਦਿੱਲੀ ਕੈਪੀਟਲਜ਼ ਲਈ ਸ਼ੁਰੂਆਤੀ ਮੈਚ ਵਿਚ ਜਿੱਤ ਨਾਲ ਉਸ ਦੇ ਖਿਡਾਰੀਆਂ ਦਾ ਆਤਮਵਿਸ਼ਵਾਸ ਕਾਫੀ ਵਧ ਗਿਆ ਹੈ, ਹਾਲਾਂਕਿ ਰਵੀਚੰਦਰਨ ਅਸ਼ਵਿਨ ਦੇ ਮੋਢੇ ਦੀ ਸੱਟ ਕਾਰਨ ਗ਼ੈਰਮੌਜੂਦ ਹੋਣ ਦੀ ਸੰਭਾਵਨਾ ਨਾਲ ਉਨ੍ਹਾਂ ਨੂੰ ਆਪਣੀ ਗੇਂਦਬਾਜ਼ੀ ਲਾਈਨਅਪ ਵਿਚ ਕੁਝ ਤਬਦੀਲੀ ਕਰਨੀ ਪੈ ਸਕਦੀ ਹੈ। ਜੇ ਅਸ਼ਵਿਨ ਨਹੀਂ ਖੇਡਦੇ ਤਾਂ ਸੀਨੀਅਰ ਸਪਿੰਨਰ ਅਮਿਤ ਮਿਸ਼ਰਾ ਨੂੰ ਅਕਸ਼ਰ ਪਟੇਲ ਦੇ ਜੋੜੀਦਾਰ ਵਜੋਂ ਉਤਾਰਨ ਦਾ ਬਦਲ ਹੋ ਸਕਦਾ ਹੈ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ :

ਦਿੱਲੀ ਕੈਪੀਟਲਜ਼ :

ਸ਼੍ਰੇਅਸ ਅਈਅਰ (ਕਪਤਾਨ), ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਸ਼ਿਮਰੋਨ ਹੇਟਮਾਇਰ, ਕੈਗਿਸੋ ਰਬਾਦਾ, ਅਜਿੰਕੇ ਰਹਾਣੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਛਾਨੇ, ਕੀਮੋ ਪਾਲ, ਡੇਨੀਅਲ ਸੈਮਜ਼, ਮੋਹਿਤ ਸ਼ਰਮਾ, ਐਨਰਿਕ ਨੋਰਤਜੇ, ਐਲੇਕਸ ਕੈਰੀ (ਵਿਕਟਕੀਪਰ), ਆਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਈਨਿਸ ਤੇ ਲਲਿਤ ਯਾਦਵ।

ਚੇਨਈ ਸੁਪਰ ਕਿੰਗਜ਼ :

ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੁਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬਰਾਵੋ, ਰਵਿੰਦਰ ਜਡੇਜਾ, ਲੁੰਗੀ ਨਗੀਦੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜ਼ਲਵੁਡ, ਸ਼ਾਰਦੁਲ ਠਾਕੁਰ, ਸੈਮ ਕੁਰਨ, ਐਨ ਜਗਦੀਸ਼ਨ, ਕੇਐੱਮ ਆਸਿਫ, ਮੋਨੂ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ, ਕਰਣ ਸ਼ਰਮਾ।