ਦੁਬਈ (ਪੀਟੀਆਈ) : ਮਹਿੰਦਰ ਸਿੰਘ ਧੋਨੀ ਦੀ ਸ਼ਾਨਦਾਰ ਕਪਤਾਨੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਲਈ ਰੱਖਿਅਕ ਸਾਬਤ ਹੋ ਸਕੇਗੀ ਜਦ ਸ਼ੁੱਕਰਵਾਰ ਨੂੰ ਆਈਪੀਐੱਲ ਦੇ ਖ਼ਿਤਾਬੀ ਮੁਕਾਬਲੇ ਵਿਚ ਉਸ ਦਾ ਸਾਹਮਣਾ ਸਪਿੰਨ ਤਿਕੜੀ ਦੇ ਦਮ 'ਤੇ ਫਾਈਨਲ ਵਿਚ ਪੁੱਜੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਾਲ ਹੋਵੇਗਾ। ਸੀਐੱਸਕੇ ਹਰ ਵਾਰ ਧੋਨੀ ਦੀ ਕਪਤਾਨੀ ਵਿਚ ਹੀ ਆਈਪੀਐੱਲ ਖੇਡੀ ਹੈ ਤੇ ਤਿੰਨ ਵਾਰ ਚੈਂਪੀਅਨ ਬਣੀ ਹੈ। ਇਸ ਕਾਰਨ ਪੂਰੀ ਦੁਨੀਆ ਦੇ ਕ੍ਰਿਕਟ ਪ੍ਰਰੇਮੀਆਂ ਨੂੰ ਦੁਸਹਿਰੇ ਦੇ ਦਿਨ ਕੈਪਟਨ ਕੂਲ ਦੀ ਧਮਾਕੇਦਾਰ ਪਾਰੀ ਦੀ ਵੀ ਉਡੀਕ ਰਹੇਗੀ ਜੋ ਪੀਲੀ ਜਰਸੀ ਵਿਚ ਸ਼ਾਇਦ ਆਖ਼ਰੀ ਵਾਰ ਦੇਖਣ ਨੂੰ ਮਿਲਣਗੇ। ਫਾਈਨਲ ਤਕ ਪੁੱਜਣ ਦੀ ਕਲਾ ਸੀਐੱਸਕੇ ਤੋਂ ਬਿਹਤਰ ਕੋਈ ਟੀਮ ਨਹੀਂ ਜਾਣਦੀ। ਦੂਜੇ ਪਾਸੇ ਕੇਕੇਆਰ ਨੇ ਦੋਵੇਂ ਖ਼ਿਤਾਬ ਗੌਤਮ ਗੰਭੀਰ ਦੀ ਕਪਤਾਨੀ ਵਿਚ ਜਿੱਤੇ ਹਨ। ਸੀਐੱਸਕੇ ਲਈ ਚੌਥਾ ਖ਼ਿਤਾਬ ਜਿੱਤਣ ਦੀ ਸੰਭਾਵਨਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਕੇਕੇਆਰ ਦੀ ਸਪਿੰਨ ਤਿਕੜੀ ਵਰੁਣ ਚੱਕਰਵਰਤੀ, ਸ਼ਾਕਿਬ ਅਲ ਹਸਨ ਤੇ ਸੁਨੀਲ ਨਰੇਨ ਦਾ ਸਾਹਮਣਾ ਕਿਵੇਂ ਕਰਦੀ ਹੈ। ਤਿੰਨਾਂ ਨੇ ਟੂੁਰਨਾਮੈਂਟ ਵਿਚ ਪ੍ਰਤੀ ਓਵਰ ਸੱਤ ਤੋਂ ਘੱਟ ਦੀ ਅੌਸਤ ਨਾਲ ਦੌੜਾਂ ਦਿੱਤੀਆਂ ਹਨ। ਆਂਦਰੇ ਰਸੇਲ ਦੇ ਹੈਮਸਟਿ੍ੰਗ ਸੱਟ ਕਾਰਨ ਬਾਹਰ ਹੋਣ ਨਾਲ ਸ਼ਾਕਿਬ ਦਾ ਹਰਫ਼ਨਮੌਲਾ ਪ੍ਰਦਰਸ਼ਨ ਕੇਕੇਆਰ ਨੂੰ ਸੰਤੁਲਨ ਦਿੰਦਾ ਆਇਆ ਹੈ। ਵੈਸੇ ਫਾਈਨਲ ਵਿਚ ਮੈਚ ਦੇ ਆਪਣੇ ਦਬਾਅ ਹੁੰਦੇ ਹਨ ਤੇ ਸਾਹਮਣੇ ਧੋਨੀ ਵਰਗਾ ਕਪਤਾਨ ਹੋਵੇ ਤਾਂ ਇਨ੍ਹਾਂ ਤਿੰਨਾਂ ਲਈ ਇਸ ਪ੍ਰਦਰਸ਼ਨ ਨੂੰ ਦੁਹਰਾ ਸਕਣਾ ਸੌਖਾ ਨਹੀਂ ਹੋਵੇਗਾ। ਧੋਨੀ ਦਾ ਆਸਾਨ ਮੰਤਰ ਹੈ ਕਿ ਤਜਰਬੇ 'ਤੇ ਯਕੀਨ ਰੱਖੋ। ਉਨ੍ਹਾਂ ਨੇ ਰੁਤੁਰਾਜ ਗਾਇਕਵਾੜ ਦਾ ਮਾਰਗਦਰਸ਼ਨ ਕੀਤਾ, ਜਦ 2020 ਵਿਚ ਕੁਆਲੀਫਿਕੇਸ਼ਨ ਦਾ ਦਬਾਅ ਉਨ੍ਹਾਂ 'ਤੇ ਨਹੀਂ ਸੀ। ਰੁਤੂਰਾਜ ਇਸ ਸੈਸ਼ਨ ਵਿਚ ਤਿੰਨ ਅਰਧ ਸੈਂਕੜਿਆਂ ਸਮੇਤ 660 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਧੋਨੀ ਨੇ ਆਪਣੀ ਅਗਵਾਈ ਦੀ ਯੋਗਤਾ ਦੇ ਦਮ 'ਤੇ ਅਗਲੇ ਸਾਲ ਹੀ ਨਹੀਂ ਬਲਕਿ ਆਉਣ ਵਾਲੇ ਕਈ ਸਾਲਾਂ ਤਕ ਲਈ ਟੀਮ ਦੀ ਨੀਂਹ ਮਜ਼ਬੂਤ ਕਰ ਦਿੱਤੀ ਹੈ। ਰੁਤੂਰਾਜ ਜੇ ਸੀਐੱਸਕੇ ਦੇ ਅਗਲੇ ਕਪਤਾਨ ਬਣਦੇ ਹਨ ਤਾਂ ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ ਕਿਉਂਕਿ ਧੋਨੀ ਅਗਲੇ ਸਾਲ ਜਾਂ ਉਸ ਤੋਂ ਬਾਅਦ ਆਈਪੀਐੱਲ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਸਕਦੇ ਹਨ। ਆਈਪੀਐੱਲ ਨੂੰ ਧੋਨੀ ਤੋਂ ਬਿਹਤਰ ਕੋਈ ਸਮਝ ਨਹੀਂ ਸਕਦਾ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀ ਆਈ ਹੈ।

ਸੀਐੱਸਕੇ ਕੋਲ ਤਜਰਬੇ ਦੀ ਕੋਈ ਘਾਟ ਨਹੀਂ :

ਪਿਛਲੇ ਸਾਲ ਲੀਗ ਗੇੜ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣੀ ਸੀਐੱਸਕੇ ਯਾਦਗਾਰ ਵਾਪਸੀ ਕਰ ਕੇ ਇਸ ਵਾਰ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਟੀਮ ਬਣੀ ਹੈ। ਉਸ ਕੋਲ ਤਜਰਬੇ ਦੀ ਘਾਟ ਨਹੀਂ ਹੈ। ਧੋਨੀ 40 ਦੀ ਉਮਰ ਪਾਰ ਕਰ ਚੁੱਕੇ ਹਨ ਜਦਕਿ ਡਵੇਨ ਬਰਾਵੋ 38, ਫਾਫ ਡੁਪਲੇਸਿਸ 37, ਅੰਬਾਤੀ ਰਾਇਡੂ ਤੇ ਰਾਬਿਨ ਉਥੱਪਾ 36 ਸਾਲ ਦੇ ਹਨ। ਮੋਇਨ ਅਲੀ ਤੇ ਰਵਿੰਦਰ ਜਡੇਜਾ ਵੀ 30 ਪਾਰ ਹਨ। ਆਪਣੇ ਸਾਧਨਾਂ ਦਾ ਸਹੀ ਇਸਤੇਮਾਲ ਕਰਨ ਦੀ ਕਲਾ ਵਿਚ ਧੋਨੀ ਨੂੰ ਮੁਹਾਰਤ ਹਾਸਲ ਹੈ। ਇਸ ਸੈਸ਼ਨ ਵਿਚ ਸਾਰਿਆਂ ਨੇ ਦੇਖਿਆ ਕਿ ਧੋਨੀ ਦੇ ਚਹੇਤੇ ਤੇ ਆਈਪੀਐੱਲ ਦੇ ਦਿੱਗਜ ਸੁਰੇਸ਼ ਰੈਨਾ ਨੂੰ ਵੀ ਟੀਮ 'ਚੋਂ ਬਾਹਰ ਬੈਠਣਾ ਪਿਆ। ਵਧੇ ਹੋਏ ਭਾਰ ਤੇ ਖ਼ਰਾਬ ਲੈਅ ਨਾਲ ਜੂਝ ਰਹੇ ਰੈਨਾ ਦੀ ਥਾਂ ਉਥੱਪਾ ਨੇ ਲਈ ਤੇ ਦਿੱਲੀ ਖ਼ਿਲਾਫ਼ ਜਿੱਤ 'ਚ ਅਹਿਮ ਭੂਮਿਕਾ ਨਿਭਾਈ।

ਕੇਕੇਆਰ ਕੋਲ ਵਿਸ਼ਵ ਕੱਪ ਦਾ ਜੇਤੂ ਕਪਤਾਨ :

ਦੂਜੇ ਪਾਸੇ ਕੇਕੇਆਰ ਦੇ ਕੋਲ ਵਿਸ਼ਵ ਕੱਪ ਜੇਤੂ ਕਪਤਾਨ ਹੈ ਜਿਸ ਨੇ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਇੰਗਲੈਂਡ ਦੀ ਟੀਮ 'ਚ ਬਹੁਤ ਸੁਧਾਰ ਕੀਤਾ ਹੈ। ਕਈ ਲੋਕਾਂ ਦਾ ਮੰਨਣਾ ਸੀ ਕਿ ਮਾਰਗਨ ਦੀ ਥਾਂ ਰਸੇਲ ਨੂੰ ਕਪਤਾਨੀ ਦੇਣੀ ਚਾਹੀਦੀ ਸੀ ਪਰ ਮਾਰਗਨ 'ਤੇ ਟੀਮ ਮੈਨੇਜਮੈਂਟ ਨੇ ਯਕੀਨ ਕੀਤਾ। ਉਨ੍ਹਾਂ ਨੇ ਸ਼ੁਭਮਨ ਗਿੱਲ ਤੋਂ ਹੀ ਪਾਰੀ ਦੀ ਸ਼ੁਰੂਆਤ ਕਰਵਾਉਣਾ ਜਾਰੀ ਰੱਖਿਆ ਤੇ ਆਖ਼ਰ ਗਿੱਲ ਦੇ ਬੱਲੇ ਤੋਂ ਦੌੜਾਂ ਨਿਕਲੀਆਂ। ਵੈਂਕਟੇਸ਼ ਅਈਅਰ 'ਤੇ ਕੀਤੇ ਗਏ ਯਕੀਨ ਦਾ ਵੀ ਟੀਮ ਨੂੰ ਫ਼ਾਇਦਾ ਮਿਲਿਆ। ਮਾਰਗਨ ਵੀ ਧੋਨੀ ਵਾਂਗ ਜਜ਼ਬਾਤ ਜ਼ਾਹਰ ਨਹੀਂ ਕਰਦੇ, ਲਿਹਾਜ਼ਾ ਇਸ ਕਾਰਨ ਦੋਵਾਂ ਕਪਤਾਨਾਂ ਦੀ ਕ੍ਰਿਕਟ ਦੀ ਸਮਝ ਦਾ ਵੀ ਇਹ ਮੁਕਾਬਲਾ ਹੋਵੇਗਾ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਚੇਨਈ ਸੁਪਰ ਕਿੰਗਜ਼

ਮਹਿੰਦਰ ਸਿੰਘ ਧੋਨੀ (ਕਪਤਾਨ), ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਕੇਐੱਮ ਆਸਿਫ, ਦੀਪਕ ਚਾਹਰ, ਡਵੇਨ ਬਰਾਵੋ, ਫਾਫ ਡੁਪਲੇਸਿਸ, ਇਮਰਾਨ ਤਾਹਿਰ, ਐੱਨ ਜਗਦੀਸਨ, ਕਰਨ ਸ਼ਰਮਾ, ਲੁੰਗੀ ਨਗੀਦੀ, ਮਿਸ਼ੇਲ ਸੈਂਟਨਰ, ਰਵਿੰਦਰ ਜਡੇਜਾ, ਰੁਤੂਰਾਜ ਗਾਇਕਵਾੜ, ਸ਼ਾਰਦੁਲ ਠਾਕੁਰ, ਆਰ ਸਾਈ ਕਿਸ਼ੋਰ, ਮੋਇਨ ਅਲੀ, ਕੇ ਗੌਤਮ, ਚੇਤੇਸ਼ਵਰ ਪੁਜਾਰਾ, ਹਰੀਸ਼ੰਕਰ ਰੈੱਡੀ, ਭਗਤ ਵਰਮਾ, ਸੀ ਹਰੀ ਨਿਸ਼ਾਂਤ।

ਕੋਲਕਾਤਾ ਨਾਈਟ ਰਾਈਡਰਜ਼ :

ਇਆਨ ਮਾਰਗਨ (ਕਪਤਾਨ), ਦਿਨੇਸ਼ ਕਾਰਤਿਕ, ਗੁਰਕੀਰਤ ਸਿੰਘ ਮਾਨ, ਕਰੁਣ ਨਾਇਰ, ਨਿਤਿਸ਼ ਰਾਣਾ, ਰਾਹੁਲ ਤਿ੍ਪਾਠੀ, ਸ਼ੁਭਮਨ ਗਿੱਲ, ਹਰਭਜਨ ਸਿੰਘ, ਕਮਲੇਸ਼ ਨਾਗਰਕੋਟੀ, ਲਾਕੀ ਫਰਗਿਊਸਨ, ਪਵਨ ਨੇਗੀ, ਐੱਮ ਪ੍ਰਸਿੱਧ ਕ੍ਰਿਸ਼ਨਾ, ਸੰਦੀਪ ਵਾਰੀਅਰ, ਸ਼ਿਵਮ ਦੂਬੇ, ਟਿਮ ਸਾਊਥੀ, ਵੈਭਮ ਅਰੋੜਾ, ਵਰੁਣ ਚੱਕਰਵਰਤੀ, ਆਂਦਰੇ ਰਸੇਲ, ਬੇਨ ਕਟਿੰਗ, ਸ਼ਾਕਿਬ ਅਲ ਹਸਨ, ਸੁਨੀਲ ਨਰੇਨ, ਵੈਂਕਟੇਸ਼ ਅਈਅਰ, ਸ਼ੇਲਡਨ ਜੈਕਸਨ, ਟਿਮ ਸੀਫਰਟ।