ਮੁੰਬਈ (ਪੀਟੀਆਈ) : ਪਲੇਆਫ ਵਿਚ ਥਾਂ ਪੱਕੀ ਕਰ ਚੁੱਕੀ ਗੁਜਰਾਤ ਟਾਈਟਨਜ਼ ਦੀ ਟੀਮ ਐਤਵਾਰ ਨੂੰ ਇੱਥੇ ਆਈਪੀਐੱਲ ਵਿਚ ਖ਼ਿਤਾਬ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਜਿੱਤ ਦਰਜ ਕਰ ਕੇ ਸਿਖਰਲੇ ਦੋ ਵਿਚ ਥਾਂ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ।

ਹਾਰਦਿਕ ਪਾਂਡਿਆ ਦੀ ਕਪਤਾਨੀ ਵਿਚ ਗੁਜਰਾਤ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਦੋ ਮੈਚ ਬਾਕੀ ਰਹਿੰਦੇ ਹੀ ਪਲੇਆਫ ਵਿਚ ਥਾਂ ਪੱਕੀ ਕਰ ਲਈ। ਟਾਈਟਨਜ਼ ਦੀ ਟੀਮ 12 ਮੈਚਾਂ ਵਿਚ 18 ਅੰਕ ਲੈ ਕੇ ਸਿਖਰ ’ਤੇ ਚੱਲ ਰਹੀ ਹੈ ਤੇ ਐਤਵਾਰ ਨੂੰ ਜਿੱਤ ਨਾਲ ਟੀਮ ਦੀ ਟਾਪ-ਦੋ ਵਿਚ ਥਾਂ ਲਗਭਗ ਯਕੀਨੀ ਬਣ ਜਾਵੇਗੀ ਜਿਸ ਦਾ ਮਤਲਬ ਹੋਵੇਗਾ ਕਿ ਟੀਮ ਨੂੰ ਫਾਈਨਲ ਵਿਚ ਥਾਂ ਬਣਾਉਣ ਦਾ ਇਕ ਵਾਧੂ ਮੌਕਾ ਮਿਲੇਗਾ। 10 ਟੀਮਾਂ ਦੀ ਦੀ ਸੂਚੀ ਵਿਚ ਨੌਵੇਂ ਸਥਾਨ ’ਤੇ ਚੱਲ ਰਹੀ ਪਿਛਲੀ ਵਾਰ ਦੀ ਚੈਂਪੀਅਨ ਸੁਪਰ ਕਿੰਗਜ਼ ਦੀ ਟੀਮ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਹੈ ਤੇ ਬਾਕੀ ਬਚੇ ਦੋ ਮੈਚਾਂ ਵਿਚ ਵੱਕਾਰ ਬਚਾਉਣ ਦੇ ਇਰਾਦੇ ਨਾਲ ਖੇਡੇਗੀ। ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਪਿਛਲੇ ਮੈਚ ਵਿਚ 62 ਦੌੜਾਂ ਦੀ ਜਿੱਤ ਨਾਲ ਟਾਈਟਨਜ਼ ਨੇ ਪਲੇਆਫ ਵਿਚ ਥਾਂ ਪੱਕੀ ਕੀਤੀ ਜਦਕਿ ਸੁਪਰ ਕਿੰਗਜ਼ ਨੂੰ ਆਪਣੇ ਪਿਛਲੇ ਮੈਚ ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ, ਕਪਤਾਨ ਹਾਰਦਿਕ ਪਾਂਡਿਆ, ਡੇਵਿਡ ਮਿਲਰ, ਰਿੱਧੀਮਾਨ ਸਾਹਾ ਤੇ ਰਾਹੁਲ ਤੇਵਤੀਆ ਨੇ ਸੈਸ਼ਨ ਦੌਰਾਨ ਟਾਈਟਨਜ਼ ਵੱਲੋਂ ਚੰਗੀ ਬੱਲੇਬਾਜ਼ੀ ਕੀਤੀ ਤੇ ਸੁਪਰ ਕਿੰਗਜ਼ ਖ਼ਿਲਾਫ਼ ਵੀ ਉਹ ਇਸ ਲੈਅ ਨੂੰ ਜਾਰੀ ਰੱਖਣਾ ਚਾਹੁਣਗੇ। ਆਪਣੇ ਪਹਿਲੇ ਹੀ ਸੈਸ਼ਨ ਵਿਚ ਟਾਈਟਨਜ਼ ਦੇ ਸ਼ਾਨਦਾਰ ਪ੍ਰਦਸ਼ਨ ਦਾ ਮਾਣ ਉਸ ਦੀ ਮੁਸ਼ਕਲ ਹਾਲਾਤ ਵਿਚ ਵਾਪਸੀ ਕਰਨ ਦੀ ਸਮਰੱਥਾ ਨੂੰ ਜਾਂਦਾ ਹੈ। ਪਿਛਲੇ ਕੁਝ ਮੁਕਾਬਲਿਆਂ ਵਿਚ ਹਾਲਾਂਕਿ ਟਾਈਟਨਜ਼ ਦੇ ਬੱਲੇਬਾਜ਼ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਹਾਰਦਿਕ ਨੂੰ ਆਪਣੇ ਬੱਲੇਬਾਜ਼ਾਂ ਤੋਂ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਉਮੀਦ ਹੋਵੇਗੀ।

ਦੋਵਾਂ ਟੀਮਾਂ ’ਚ ਸ਼ਾਮਲ ਖਿਡਾਰੀ

ਗੁਜਰਾਤ ਟਾਈਟਨਜ਼ :

ਹਾਰਦਿਕ ਪਾਂਡਿਆ (ਕਪਤਾਨ), ਅਭਿਨਵ ਮਨੋਹਰ, ਡੇਵਿਡ ਮਿਲਰ, ਗੁਰਕੀਰਤ ਸਿੰਘ, ਬੀ ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਰਾਹੁਲ ਤੇਵਤੀਆ, ਵਿਜੇ ਸ਼ੰਕਰ, ਮੈਥਿਊ ਵੇਡ, ਰਹਿਮਾਨ-ਉੱਲ੍ਹਾ ਗੁਰਬਾਜ਼, ਰਿੱਧੀਮਾਨ ਸਾਹਾ, ਅਲਜ਼ਾਰੀ ਜੋਸਫ਼, ਦਰਸ਼ਨ ਨਲਕੰਡੇ, ਲਾਕੀ ਫਰਗਿਊਸਨ, ਮੁਹੰਮਦ ਸ਼ਮੀ, ਨੂਰ ਅਹਿਮਦ, ਪ੍ਰਦੀਪ ਸਾਂਗਵਾਨ, ਰਾਸ਼ਿਦ ਖ਼ਾਨ, ਸਾਈ ਕਿਸ਼ੋਰ, ਵਰੁਣ ਆਰੋਨ ਤੇ ਯਸ਼ ਦਿਆਲ।

ਚੇਨਈ ਸੁਪਰ ਕਿੰਗਜ਼ :

ਐੱਮਐੱਸ ਧੋਨੀ (ਕਪਤਾਨ), ਮੋਇਨ ਅਲੀ, ਰੁਤੂਰਾਜ ਗਾਇਕਵਾੜ, ਡਵੇਨ ਬਰਾਵੋ, ਅੰਬਾਤੀ ਰਾਇਡੂ, ਰਾਬਿਨ ਉਥੱਪਾ, ਮਿਸ਼ੇਲ ਸੈਂਟਨਰ, ਕ੍ਰਿਸ ਜਾਰਡਨ, ਡੇਵੋਨ ਕਾਨਵੇ, ਸ਼ਿਵਮ ਦੂਬੇ, ਡਵੇਨ ਪ੍ਰੀਟੋਰੀਅਸ, ਮਹੇਸ਼ ਤੀਕਸ਼ਣਾ, ਰਾਜਵਰਧਨ ਹੈਂਗਰਗੇਕਰ, ਤੁਸ਼ਾਰ ਦੇਸ਼ਪਾਂਡੇ, ਕੇਐੱਮ ਆਸਿਫ਼, ਸੀ ਹਰੀ ਨਿਸ਼ਾਂਤ, ਐੱਨ ਜਗਦੀਸ਼ਨ, ਸੁਭਰਾਂਸ਼ੂ ਸੇਨਾਪਤੀ, ਕੇ ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸਿਮਰਜੀਤ ਸਿੰਘ ਤੇ ਮੁਕੇਸ਼ ਚੌਧਰੀ।

Posted By: Shubham Kumar