ਨਵੀਂ ਦਿੱਲੀ (ਜੇਐੱਨਐੱਨ) : ਜਰਮੇਨ ਬਲੈਕਵੁਡ ਦੀਆਂ 95 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਸਾਊਥੈਂਪਟਨ ਦੇ ਏਜੇਸ ਬਾਊਲ ਵਿਚ ਖੇਡੇ ਗਏ ਪਹਿਲੇ ਟੈਸਟ ਦੇ ਪੰਜਵੇਂ ਦਿਨ ਐਤਵਾਰ ਨੂੰ ਚਾਰ ਵਿਕਟਾਂ ਨਾਲ ਮਾਤ ਦਿੱਤੀ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਇੰਗਲੈਂਡ ਤੋਂ ਮਿਲੇ 200 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਸ਼ੁਰੂਆਤ ਵਿਚ ਲੜਖੜਾਏ ਮਹਿਮਾਨਾਂ ਨੇ ਬਾਅਦ ਵਿਚ ਸੰਭਲਦੇ ਹੋਏ ਮੈਚ 'ਤੇ ਪਕੜ ਬਣਾਈ। ਸ਼ੁਰੂਆਤੀ ਤਿੰਨ ਵਿਕਟਾਂ ਸਿਰਫ਼ 27 ਦੌੜਾਂ 'ਤੇ ਗੁਆਉਣ ਤੋਂ ਬਾਅਦ ਬਲੈਕਵੁਡ ਨੇ ਰੋਸਟਨ ਚੇਜ਼ ਨਾਲ ਸਕੋਰ ਨੂੰ 100 ਦੌੜਾਂ ਤਕ ਪਹੁੰਚਾਇਆ। ਇਸ ਸਕੋਰ 'ਤੇ ਚੇਜ਼ ਨੂੰ ਆਰਚਰ ਨੇ ਪਵੇਲੀਅਨ ਭੇਜ ਦਿੱਤਾ। ਚੇਜ਼ ਨੇ 37 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬਲੈਕਵੁਡ ਨੇ ਇਕ ਪਾਸਾ ਸੰਭਾਲੀ ਰੱਖਿਆ ਤੇ ਜਦ ਵੈਸਟਇੰਡੀਜ਼ ਜਿੱਤ ਤੋਂ 11 ਦੌੜਾਂ ਦੂਰ ਸੀ ਤਦ ਬਲੈਕਵੁਡ ਆਊਟ ਹੋ ਗਏ ਪਰ ਤਦ ਤਕ ਵੈਸਟਇੰਡੀਜ਼ ਦੀ ਜਿੱਤ ਲਗਭਗ ਪੱਕੀ ਹੋ ਗਈ ਸੀ। ਰਿਟਾਇਰ ਹੋ ਕੇ ਪਵੇਲੀਅਨ ਮੁੜੇ ਜਾਨ ਕੈਂਪਬੇਲ ਦੁਬਾਰਾ ਬੱਲੇਬਾਜ਼ੀ ਕਰਨ ਆਏ ਤੇ ਉਨ੍ਹਾਂ ਨੇ ਕਪਤਾਨ ਜੇਸਨ ਹੋਲਡਰ ਦੇ ਨਾਲ ਮਿਲ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਹੋਲਡਰ 14 ਦੌੜਾਂ ਬਣਾ ਕੇ ਅਜੇਤੂ ਮੁੜੇ ਜਦਕਿ ਕੈਂਪਬੇਲ ਨੇ ਅਜੇਤੂ ਅੱਠ ਦੌੜਾਂ ਬਣਾਈਆਂ।