ਜੋਹਾਨਸਬਰਗ (ਪੀਟੀਆਈ) : ਦੇਸ਼ ਦੀ ਓਲੰਪਿਕ ਸੰਸਥਾ ਵੱਲੋਂ ਮਾੜੇ ਪ੍ਰਸ਼ਾਸਨ ਕਾਰਨ ਮੁਅੱਤਲ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੀ ਮੈਂਬਰ ਕੌਂਸਲ ਨੇ ਸੰਚਾਲਨ ਦੀ ਨਾਕਾਮੀ ਨੂੰ ਹੱਲ ਕਰਨ ਤੇ ਗ਼ਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ।

ਸੀਐੱਸਏ ਦੀ ਮੈਂਬਰ ਕੌਂਸਲ ਨੇ ਸ਼ਨਿਚਰਵਾਰ ਨੂੰ ਫੰਦੁਦਜੀ ਫੋਰੇਂਸਿਕ ਰਿਪੋਰਟ ਦੇ ਸਾਰ ਦਾ ਅਧਿਅਨ ਕੀਤਾ। ਸਾਲ 2016 ਵਿਚ ਸੀਐੱਸਏ ਦੇ ਪ੍ਰਸ਼ਾਸਨਿਕ ਮਾਮਲਿਆਂ ਦੀ ਸੁਤੰਤਰ ਜਾਂਚ ਤੋਂ ਬਾਅਦ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਰਿਪੋਰਟ ਤਿਆਰ ਕੀਤੀ। ਇਸੇ ਰਿਪੋਰਟ ਦੇ ਆਧਾਰ 'ਤੇ ਪਿਛਲੇ ਮਹੀਨੇ ਸੀਐੱਸਏ ਦੇ ਸਾਬਕਾ ਸੀਈਓ ਥਬਾਂਗ ਮੇਰੋਈ ਨੂੰ ਬਰਖ਼ਾਸਤ ਕੀਤਾ ਗਿਆ। ਸੀਐੱਸਏ ਨੇ ਕਿਹਾ ਕਿ ਸੀਐੱਸਏ ਦੀ ਮੈਂਬਰ ਕੌਂਸਲ ਨੇ ਸ਼ਨਿਚਰਵਾਰ ਨੂੰ ਮੀਟਿੰਗ ਕੀਤੀ ਤੇ ਫੰਦੁਦਜੀ ਫੋਰੇਂਸਿਕ ਰਿਪੋਰਟ ਦੇ ਸਾਰ ਦਾ ਅਧਿਅਨ ਕੀਤਾ।

ਰਿਪੋਰਟ ਦੇ ਨਤੀਜੇ ਤੇ ਸਿਫ਼ਾਰਸ਼ਾਂ 'ਤੇ ਮੈਂਬਰਾਂ ਵਿਚਾਲੇ ਗੱਲਬਾਤ ਹੋਈ। ਬਿਆਨ ਮੁਤਾਬਕ ਇਸ ਦੌਰਾਨ ਸੰਚਾਲਨ ਦੀ ਨਾਕਾਮੀ, ਵਿੱਤੀ ਕੰਟਰੋਲ, ਮੀਡੀਆ ਮਾਨਤਾ ਤੇ ਸੀਐੱਸਏ ਦੇ ਵਿੱਤੀ ਲੈਣ-ਦੇਣ ਦੇ ਮਾਮਲਿਆਂ 'ਤੇ ਗੱਲਬਾਤ ਕੀਤੀ ਗਈ ਤੇ ਸਬੰਧਤ ਪੱਖਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੇ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਯੋਜਨਾ ਪੇਸ਼ ਕੀਤੀ ਗਈ ਤੇ ਇਸ ਨੂੰ ਸਵੀਕਾਰ ਕੀਤਾ ਗਿਆ। ਇਸੇ ਮਹੀਨੇ ਦੱਖਣੀ ਅਫਰੀਕਾ ਖੇਡ ਮਹਾਸੰਘ ਅਤੇ ਓਲੰਪਿਕ ਕਮੇਟੀ (ਐੱਸਏਐੱਸਸੀਓਸੀ) ਨੇ ਸੀਐੱਸਏ ਬੋਰਡ ਨੂੰ ਸੀਐੱਸਏ ਦੇ ਸੰਚਾਲਨ ਤੋਂ ਵੱਖ ਹਟਣ ਲਈ ਕਿਹਾ ਸੀ ਕਿਉਂਕਿ ਐੱਸਏਐੱਸਸੀਓਸੀ ਨੇ ਸੰਗਠਨ ਵਿਚ ਮਾੜੇ ਪ੍ਰਸ਼ਾਸਨ ਤੇ ਮਾੜੀ ਵਿਵਸਥਾ ਦੇ ਕਈ ਮਾਮਲਿਆਂ ਦੀ ਜਾਂਚ ਕੀਤੀ।