ਨਵੀਂ ਦਿੱਲੀ, ਜੇਐੱਨਐੱਨ : ਬੀਸੀਸੀਆਈ ਨੇ ਸੰਕੇਤ ਦਿੱਤੇ ਹਨ ਕਿ ਆਈਪੀਐੱਲ 2021 ਦੇ ਬਚੇ ਹੋਏ ਮੁਕਾਬਲੇ ਪੂਰੀ ਤਰ੍ਹਾਂ ਨਾਲ ਪੈਕ ਕ੍ਰਿਕਟ ਸ਼ਡਿਊਲ ’ਚ ਕਰਵਾਏ ਜਾ ਸਕਦੇ ਹਨ ਪਰ ਬੋਰਡ ਪ੍ਰਧਾਨ ਸੌਰਵ ਗਾਂਗੁਲੀ ਹੁਣ ਇਸ ਟੂਰਨਾਮੈਂਟ ਨੂੰ ਭਾਰਤ ’ਚ ਕਰਵਾਏ ਜਾਣ ਨੂੰ ਲੈ ਕੇ ਆਸ਼ਾਵਾਦੀ ਨਹੀਂ ਹੈ। ਬੀਸੀਸੀਆਈ ਨੇ 4 ਮਈ ਨੂੰ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੀ ਵਜ੍ਹਾ ਨਾਲ ਇਸ ਲੀਗ ਨੂੰ ਵਿਚ ਹੀ ਮੁਲਤਵੀ ਕਰ ਦਿੱਤਾ ਸੀ। ਇਸ ਲੀਗ ’ਚ ਉਦੋਂ ਤਕ 29 ਮੈਚ ਖੇਡੇ ਜਾ ਚੁੱਕੇ ਸਨ ਤੇ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਹੁਣ ਸੁਰੱਖਿਅਤ ਉਨ੍ਹਾਂ ਦੇ ਘਰ ਤਕ ਵੀ ਪਹੁੰਚਾ ਦਿੱਤਾ ਗਿਆ ਹੈ। ਇਸ ਦੌਰਾਨ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ, ਹੁਣ ਆਈਪੀਐੱਲ ਲਈ ਵਿੰਡੋ ਦੀ ਤਲਾਸ਼ ਦੇ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ ਤੇ ਉਨ੍ਹਾਂ ਨੇ ਸੰਕੇਤ ਦਿੱਤੇ ਕਿ, ਲੀਗ ਦੇ ਬਾਕੀ ਬਚੇ ਮੁਕਾਬਲੇ ਭਾਰਤ ’ਚ ਕਰਵਾਉਣੇ ਮੁਸ਼ਕਿਲ ਹੋਣਗੇ।

ਸੌਰਵ ਗਾਂਗੁਲੀ ਨੇ ਇਹ ਗੱਲ ਇਸ ਵਜ੍ਹਾ ਨਾਲ ਕਹੀ ਕਿਉਂਕਿ ਹੁਣ ਭਾਰਤ ’ਚ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਮਾਹੌਲ ਬੇਹੱਦ ਖ਼ਰਾਬ ਹੈ ਤੇ ਬੀਤੇ ਕੁਝ ਦਿਨਾਂ ਤੋਂ ਹਰ ਦਿਨ ਚਾਰ ਲੱਖ ਤੋਂ ਜ਼ਿਆਦਾ ਲੋਕ ਪਾਜ਼ੇਟਿਵ ਪਾਏ ਜਾ ਰਹੇ ਹਨ। ਹੁਣ ਰਿਪੋਰਟ ਮੁਤਾਬਕ ਜੇ ਟੀ20 ਵਰਲਡ ਕੱਪ ਭਾਰਤ ਤੋਂ ਬਾਹਰ ਕਰਵਾਇਆ ਜਾਂਦਾ ਹੈ ਤਾਂ ਆਈਪੀਐੱਲ ਨੂੰ ਯੂਕੇ ਜਾਂ ਫਿਰ ਯੂਏਈ ’ਚ ਕਰਵਾਇਆ ਜਾ ਸਕਦਾ ਹੈ।

Posted By: Rajnish Kaur