ਨਵੀਂ ਦਿੱਲੀ (ਪੀਟੀਆਈ) : ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਕ੍ਰਿਕਟ ਕਮੇਟੀ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਕੌਮਾਂਤਰੀ ਮੈਚਾਂ 'ਚ ਘਰੇਲੂ ਅੰਪਾਇਰ ਰੱਖਣ ਦੀ ਸਿਫਾਰਸ਼ ਕੀਤੀ ਹੈ ਜੋ ਭਾਰਤੀ ਮੈਚ ਅਧਿਕਾਰੀਆਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਦੇਸ਼ ਦੇ ਕਈ ਮੌਜੂਦਾ ਤੇ ਸਾਬਕਾ ਮੈਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੌਮਾਂਤਰੀ ਮੈਚਾਂ ਖ਼ਾਸ ਕਰ ਕੇ ਟੈਸਟ ਮੈਚ 'ਚ ਘੱਟ ਤਜਰਬੇ ਕਾਰਨ ਇਹ ਭਾਰਤ ਦੇ ਘਰੇਲੂ ਅੰਪਾਇਰਾਂ ਲਈ ਚੁਣੌਤੀਪੂਰਨ ਹੋਵੇਗਾ।

ਪਿਛਲੇ ਸਾਲ ਆਈਸੀਸੀ ਦੇ ਇਲੀਟ ਪੈਨਲ ਦੇ ਅੰਪਾਇਰਾਂ 'ਚੋਂ ਭਾਰਤੀ ਅੰਪਾਇਰ ਐੱਸ ਰਵੀ ਨੂੰ ਬਾਹਰ ਕਰ ਦਿੱਤ ਗਿਆ। ਇਸ ਤੋਂ ਬਾਅਦ ਇਸ 'ਚ ਕੋਈ ਵੀ ਭਾਰਤੀ ਅੰਪਾਇਰ ਨਹੀਂ ਹੈ। ਟੈਸਟ ਮੈਚ ਲਈ ਅੰਪਾਇਰਾਂ ਨੂੰ ਇਸ ਸੂਚੀ 'ਚੋਂ ਚੁਣਿਆ ਜਾਂਦਾ ਹੈ। ਇਸ ਨਾਲ ਹੇਠਲੀ ਸ਼੍ਰੇਣੀ 'ਚ ਆਉਣ ਵਾਲੇ ਆਈਸੀਸੀ ਦੇ ਕੌਮਾਂਤਰੀ ਪੈਨਲ ਦੇ ਅੰਪਾਇਰਾਂ 'ਚ ਚਾਰ ਭਾਰਤੀ ਹਨ ਜਿਸ 'ਚੋਂ ਸਿਰਫ ਨਿਤਿਨ ਮੇਨਨ (ਤਿੰਨ ਟੈਸਟ, 24 ਵਨਡੇ ਤੇ 16 ਟੀ-20 ਕੌਮਾਂਤਰੀ) ਕੋਲ ਟੈਸਟ ਮੈਚਾਂ ਦਾ ਤਜਰਬਾ ਹੈ। ਇਨ੍ਹਾਂ ਤੋਂ ਇਲਾਵਾ ਸ਼ਮਸ਼ੁਉੱਦੀਨ (43 ਵਨਡੇ, 21 ਟੀ-20 ਕੌਮਾਂਤਰੀ), ਅਨਿਲ ਚੌਧਰੀ (20 ਵਨਡੇ, 20 ਟੀ-20 ਕੌਮਾਂਤਰੀ) ਤੇ ਵਰਿੰਦਰ ਸ਼ਰਮਾ (ਦੋ ਵਨਡੇ ਤੇ ਇਕ ਟੀ-20) ਨੂੰ ਟੈਸਟ ਮੈਚਾਂ ਦਾ ਤਜਰਬਾ ਨਹੀਂ ਹੈ। ਤਜਰਬਾ ਨਾ ਹੋਣ ਦੇ ਬਾਵਜੂਦ ਅੰਪਾਇਰ ਜਨਵਰੀ 'ਚ ਇੰਗਲੈਂਡ ਖ਼ਿਲਾਫ਼ ਘਰੇਲੂ ਟੈਸਟ ਸੀਰੀਜ਼ 'ਚ ਅੰਪਾਇਰਿੰਗ ਕਰ ਸਕਦੇ ਹਨ।

ਦੋ ਟੈਸਟ ਤੇ 34 ਵਨਡੇ 'ਚ ਅੰਪਾਇਰਿੰਗ ਕਰਨ ਵਾਲੇ ਸਾਬਕਾ ਕੌਮਾਂਤਰੀ ਅੰਪਇਰ ਹਰੀਹਰਨ ਨੇ ਦੱਸਿਆ ਕਿ ਇਹ ਇਕ ਵੱਡੀ ਚੁਣੌਤੀ ਹੈ ਪਰਇਸ ਦੇ ਨਾਲ ਇਕ ਮੌਕਾ ਵੀ ਹੈ। ਵੱਖ-ਵੱਖ ਤਰ੍ਹਾਂ ਦੇ ਮੈਚਾਂ 'ਚ ਵੱਖ-ਵੱਖ ਤਰ੍ਹਾਂ ਦਾ ਦਬਾਅ ਹੁੰਦਾ ਹੈ। ਟੈਸਟ 'ਚ ਨੇੜੇ ਦੇ ਫੀਲਡਰਾਂ ਵੱਲੋਂ ਦਬਾਅ ਬਣਾਇਆ ਜਾਂਦਾ ਹੈ ਜਦੋਂਕਿ ਸੀਮਤ ਓਵਰਾਂ ਦੇ ਕ੍ਰਿਕਟ ਮੈਚਾਂ 'ਚ ਦਰਸ਼ਕਾਂ ਦਾ ਰੌਲਾ ਅੰਪਾਇਰਾਂ ਦੇ ਕੰਮ ਨੂੰ ਮੁਸ਼ਕਲ ਬਣਾਉਂਦਾ ਹੈ।

ਉਨ੍ਹਾਂ ਕਿਹਾ ਕਿ ਸਿਰਫ ਅੰਪਾਇਰਿੰਗ ਫ਼ੈਸਲੇ ਹੀ ਨਹੀਂ, ਹਮਲਾਵਰ ਅਪੀਲ ਤੇ ਖ਼ਰਾਬ ਰੌਸ਼ਨੀ ਵਰਗੀਆਂ ਹੋਰ ਚੀਜ਼ਾਂ ਮੁਸ਼ਕਲ ਹਾਲਤ ਪੈਦਾ ਕਰ ਸਕਦੀਆਂ ਹਨ। ਅਜਿਹੇ 'ਚ ਨਿਰਪੱਖ ਅੰਪਾਇਰਾਂ ਨੂੰ ਸਥਾਨਕ ਅੰਪਾਇਰਾਂ ਦੇ ਮੁਕਾਬਲੇ ਫ਼ੈਸਲਾ ਕਰਨ 'ਚ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ। ਮੈਚਾਂ 'ਚ ਦੋ ਨਿਰਪੱਖ ਅੰਪਾਇਰਾਂ ਨੂੰ ਰੱਖਣ ਦਾ ਨਿਯਮ 2002 ਤੋਂ ਲਾਗੂ ਹੋਇਆ ਸੀ। ਇਸ ਤੋਂ ਪਹਿਲਾਂ 1994 ਤੋਂ ਲੈ ਕੇ 2001 ਤਕ ਇਕ ਸਥਾਨਕ ਤੇ ਇਕ ਨਿਰਪੱਖ ਅੰਪਾਇਰ ਹੁੰਦਾ ਸੀ।

ਆਈਸੀਸੀ, ਸਥਾਨਕ ਇਲੀਟ ਤੇ ਕੌਮਾਂਤਰੀ ਪੈਨਲ ਦੇ ਰੈਫਰੀ ਤੇ ਅੰਪਾਇਰਾਂ 'ਚੋਂ ਨਿਯੁਕਤੀ ਕਰੇਗੀ। ਜਿਸ ਦੇਸ਼ 'ਚ ਇਲੀਟ ਪੈਨਲ ਦੇ ਮੈਚ ਅਧਿਕਾਰੀ ਨਹੀਂ ਹਨ, ਉੱਥੇ ਕੌਮਾਂਤਰੀ ਪੈਨਲ ਦੇ ਮੈਚ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇਗੀ। ਭਾਰਤ 'ਚ ਸਿਰਫ ਜਵਾਗਲ ਸ਼੍ਰੀਨਾਥ ਇਲੀਟ ਪੈਨਲ ਦੇ ਮੈਚ ਰੈਫਰੀ ਹਨ ਜਦੋਂ ਕਿ ਇਸ ਸਿਫਾਰਸ਼ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅਨਿਲ ਚੌਧਰੀ, ਸ਼ਮਸ਼ੁਉੱਦੀਨ ਤੇ ਨਿਤਿਨ ਮੇਨਨ ਆਪਣੇ ਦੇਸ਼ ਦੇ ਟੈਸਟ ਮੈਚਾਂ 'ਚ ਅੰਪਾਇਰਿੰਗ ਕਰ ਸਕਦੇ ਹਨ। ਕੌਮਾਂਤਰੀ ਕਮੇਟੀ ਦੇ ਇਕ ਮੌਜੂਦਾ ਅੰਪਾਇਰ ਨੇ ਕਿਹਾ ਕਿ ਸਿਰਫ ਘਰੇਲੂ ਮੈਚਾਂ 'ਚ ਅੰਪਾਇਰਿੰਗ ਕਰਨ ਨਾਲ ਉਨ੍ਹਾਂ ਦਾ ਕੰਮ ਮੁਸ਼ਕਲ ਹੋਵੇਗਾ ਪਰ ਉਹ ਇਸ ਚੁਣੌਤੀ ਦਾ ਲੁਤਫ਼ ਉਠਾਉਣਗੇ। ਉਨ੍ਹਾਂ ਕਿਹਾ ਕਿ ਜੇ ਤੁਸੀਂ ਘਰੇਲੂ ਅੰਪਾਇਰ ਹੋ ਤੇ ਘਰੇਲੂ ਟੀਮ ਖ਼ਰਾਬ ਰੌਸ਼ਨੀ ਕਾਰਨ ਖੇਡ ਰੋਕਣ ਦੀ ਮੰਗ ਕਰ ਰਹੀ ਹੈ ਤਾਂ ਤੁਹਾਡੇ ਵੱਲੋਂ ਨਿਰਪੱਖ ਅੰਪਾਇਰ ਦੇ ਮੁਕਾਬਲੇ ਉਸ ਮੰਗ ਨੂੰ ਮੰਨਣ ਦੀ ਜ਼ਿਆਦਾ ਸੰਭਾਵਨਾ ਹੋਵੇਗੀ। ਇਸੇ ਤਰ੍ਹਾਂ ਜੇ ਘਰੇਲੂ ਟੀਮ ਨੇ ਗੇਂਦ ਨਾਲ ਕੁਝ ਗਲਤ ਕੀਤਾ ਤਾਂ ਘਰੇਲੂ ਅੰਪਾਇਰ ਤੋਂ ਕੁਝ ਛੋਟ ਮਿਲਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਈਸੀਸੀ ਨੇ ਸਹੀ ਕਾਰਨਾਂ ਕਰਕੇ ਹੀ ਨਿਰਪੱਖ ਅੰਪਾਇਰਾਂ ਨੂੰ ਰੱਖਣ ਦਾ ਫ਼ੈਸਲਾ ਕੀਤਾ ਸੀ। ਮੈਨੂੰ ਉਮੀਦ ਹੈ ਕਿ ਇਹ ਵਿਵਸਥਾ ਥੋੜੇ ਸਮੇਂ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਤਜਰਬੇ ਦੇ ਆਧਾਰ 'ਤੇ ਕਹਿ ਸਕਦਾ ਹਾਂ ਕਿ ਜ਼ਿਆਦਾਤਰ ਅੰਪਾਇਰ ਆਪਣੇ ਘਰੇਲੂ ਟੀਮ ਦੇ ਮੈਚ 'ਚ ਅੰਪਾਇਰਿੰਗ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਨਾਲ ਜ਼ਿਆਦਾ ਦਬਾਅ ਰਹਿੰਦਾ ਹੈ।

Posted By: Rajnish Kaur