ਮੈਲਬੌਰਨ : ਆਸਟਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਵਿਆਹ ਤੋਂ ਸੱਤ ਸਾਲ ਬਾਅਦ ਪਤਨੀ ਕਾਇਲੀ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਹੈ। ਦੋਵਾਂ ਨੇ ਮਈ 2012 'ਚ ਵਿਆਹ ਕੀਤਾ ਸੀ ਤੇ ਇਨ੍ਹਾਂ ਦੀ ਚਾਰ ਸਾਲ ਦੀ ਬੇਟੀ ਕੇਲਸੀ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਲਾਰਕ ਨੇ ਤਲਾਕ ਲਈ ਮੁਆਵਜ਼ੇ ਦੇ ਤੌਰ 'ਤੇ ਪਤਨੀ ਨੂੰ 285 ਕਰੋੜ ਰੁਪਏ ਦਿੱਤੇ ਹਨ। ਤਲਾਕ ਤੋਂ ਬਾਅਦ ਦੋਵਾਂ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੁਝ ਸਮਾਂ ਵੱਖ ਰਹਿਣ ਤੋਂ ਬਾਅਦ ਅਸੀਂ ਇਹ ਮੁਸ਼ਕਲ ਫ਼ੈਸਲਾ ਕੀਤਾ ਹੈ। ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ ਤੇ ਤੈਅ ਕੀਤਾ ਹੈ ਕਿ ਹੁਣ ਅਸੀਂ ਵੱਖ-ਵੱਖ ਰਹਾਂਗੇ। ਅਸੀਂ ਆਪਣੀ ਬੇਟੀ ਦਾ ਇਕ-ਦੂਸਰੇ ਦੇ ਸਹਿਯੋਗ ਨਾਲ ਦੇਖਭਾਲ ਕਰਨ ਦਾ ਫ਼ੈਸਲਾ ਲਿਆ ਹੈ।

ਬੰਗਲਾਦੇਸ਼ੀ ਟੀਮ ਦਾ ਨਾਇਕਾਂ ਵਰਗਾ ਸਵਾਗਤ

ਢਾਕਾ : ਬੰਗਾਲਦੇਸ਼ੀ ਟੀਮ ਦਾ ਆਈਸੀਸੀ ਅੰਡਰ-19 ਵਿਸ਼ਵ ਕੱਪ ਜਿੱਤ ਕੇ ਆਪਣੇ ਦੇਸ਼ ਪਰਤਨ 'ਤੇ ਬੁੱਧਵਾਰ ਨੂੰ ਨਾਇਕਾਂ ਵਰਗਾਂ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਹਜ਼ਾਰਾਂ ਪ੍ਰਸ਼ੰਸਕ ਸੜਕਾਂ ਤੇ ਸਟੇਡੀਅਮ 'ਚ 'ਅਸੀਂ ਚੈਂਪੀਅਨ ਹਾਂ' ਦੇ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਬੰਗਲਾਦੇਸ਼ ਨੇ ਐਤਵਾਰ ਨੂੰ ਹੋਏ ਫਾਈਨਲ 'ਚ ਚਾਰ ਵਾਰ ਚੈਂਪੀਅਨ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ।

ਬੰਗਲਾਦੇਸ਼ ਦੇ ਖਿਡਾਰੀਆਂ ਨੂੰ ਲੈ ਕੇ ਆਈ ਫਲਾਈਟ ਸ਼ਾਮ 4.55 ਵਜੇ ਢਾਕਾ ਹਵਾਈ ਅੱਡੇ 'ਤੇ ਉੱਤਰੀ। ਇਸ ਦੌਰਾਨ ਅਧਿਕਾਰੀਆਂ, ਟੀਮ ਦੀ ਜਰਸੀ ਪਹਿਨੇ ਤੇ ਝੰਡਾ ਲਹਿਰਾ ਰਹੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਟੀਮ ਦਾ ਸਵਾਗਤ ਕੀਤਾ। ਦੇਸ਼ ਦੇ ਖੇਡ ਮੰਤਰੀ ਜਾਹਿਰ ਅਹਿਸਨ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮੁਲ ਹਸਨ ਵੀ ਹਵਾਈ ਅੱਡੇ 'ਤੇ ਮੌਜੂਦ ਸਨ। ਇਸ ਤੋਂ ਬਾਅਦ ਖਿਡਾਰੀਆਂ ਨੂੰ ਮੀਰਪੁਰ ਦੇ ਸ਼ੇਰ-ਏ-ਬੰਗਲਾ ਸਟੇਡੀਅਮ ਲਿਆਂਦਾ ਗਿਆ ਜਿੱਥੇ ਲਗਪਗ 5000 ਦਰਸ਼ਨ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ।