ਬਰਮਿੰਘਮ (ਏਐੱਫਪੀ) : ਆਸਟ੍ਰੇਲੀਆ ਦੇ ਦਿੱਗਜ ਬੱਲੇਬਾਜ਼ ਸਟੀਵ ਸਮਿਥ ਨੇ ਇਕੱਲੇ ਦਮ 'ਤੇ ਇੰਗਲੈਂਡ ਦੀ ਟੀਮ ਨੂੰ ਐਸ਼ੇਜ਼ ਸੀਰੀਜ਼ ਦੇ ਏਜਬੇਸਟਨ ਟੈਸਟ ਵਿਚ ਪਛਾੜ ਕੇ ਰੱਖ ਦਿੱਤਾ ਸੀ। ਬਾਕੀ ਕੰਮ ਪਹਿਲੇ ਟੈਸਟ ਦੇ ਪੰਜਵੇਂ ਦਿਨ ਦੀ ਸਪਿੰਨਰਾਂ ਲਈ ਮਦਦਗਾਰ ਪਿੱਚ ਤੇ ਆਸਟ੍ਰੇਲੀਆ ਦੇ ਆਫ ਸਪਿੰਨਰ ਨਾਥਨ ਲਿਓਨ ਨੇ ਪੂਰਾ ਕੀਤਾ। 45 ਦੌੜਾਂ 'ਤੇ ਛੇ ਵਿਕਟਾਂ ਲੈ ਕੇ ਨਾਥਨ ਨੇ ਆਸਟ੍ਰੇਲੀਆ ਨੂੰ ਪੰਜ ਮੈਚਾਂ ਦੀ ਐਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਵਿਚ 251 ਦੌੜਾਂ ਨਾਲ ਸ਼ਾਨਦਾਰ ਜਿੱਤ ਦਿਵਾ ਦਿੱਤੀ। ਇਹ 2001 ਤੋਂ ਬਾਅਦ ਆਸਟ੍ਰੇਲੀਆ ਦੀ ਇਸ ਮੈਦਾਨ 'ਤੇ ਕਿਸੇ ਵੀ ਫਾਰਮੈਟ ਵਿਚ ਪਹਿਲੀ ਜਿੱਤ ਹੈ। ਨਾਲ ਹੀ ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਪਹਿਲਾ ਟੈਸਟ ਸੀ। ਇਸੇ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਵ ਵਿਚ ਕੋਈ ਟੈਸਟ ਜਿੱਤਣ ਵਾਲੀ ਆਸਟ੍ਰੇਲੀਆਈ ਪਹਿਲੀ ਟੀਮ ਬਣ ਗਈ। ਇਸ ਜਿੱਤ ਨਾਲ ਆਸਟ੍ਰੇਲੀਆ ਨੂੰ 24 ਅੰਕ ਮਿਲੇ ਹਨ ਜਦਕਿ ਇੰਗਲੈਂਡ ਨੂੰ ਕੋਈ ਅੰਕ ਨਹੀਂ ਮਿਲਿਆ ਹੈ।