ਮੈਲਬੌਰਨ (ਏਪੀ) : ਆਸਟ੍ਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਨੇ ਦੱਸਿਆ ਕਿ 2010 ਵਿਚ ਕਰੀਅਰ ਪ੍ਰਭਾਵਿਤ ਕਰਨ ਵਾਲੀ ਸੱਟ ਨੇ ਉਨ੍ਹਾਂ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਉਹ ਕ੍ਰਿਕਟ ਤੋਂ ਨਫਰਤ ਕਰਨ ਕਰਨ ਲੱਗੇ ਸਨ ਤੇ ਰੋਣ ਲੱਗੇ ਸਨ। ਉਨ੍ਹਾਂ ਨੇ ਕਿਹਾ ਕਿ ਖੇਡ ਮਨੋਵਿਗਿਆਨਿਕ ਦੀ ਮਦਦ ਨਾਲ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਮਿਲਿਆ। ਦੱਖਣੀ ਅਫਰੀਕਾ ਵਿਚ ਗੇਂਦ ਨਾਲ ਛੇੜਛਾੜ ਮਾਮਲੇ ਤੋਂ ਬਾਅਦ ਸਟੀਵ ਸਮਿਥ ਦੀ ਥਾਂ ਟੈਸਟ ਟੀਮ ਦੇ ਕਪਤਾਨ ਬਣਾਏ ਗਏ ਪੇਨ ਨੂੰ 2010 ਵਿਚ ਇਹ ਸੱਟ ਇਕ ਚੈਰਿਟ ਮੈਚ 'ਚ ਲੱਗੀ ਸੀ। ਡਿਰਕ ਨੈਨੇਸ ਦੀ ਗੇਂਦ 'ਤੇ ਉਨ੍ਹਾਂ ਦੇ ਸੱਜੇ ਹੱਥ ਦੀ ਉਂਗਲੀ ਟੁੱਟ ਗਈ ਸੀ। ਸੱਟ ਦੇ ਠੀਕ ਹੋਣ ਤੋਂ ਬਾਅਦ ਪੇਨ ਨੂੰ ਸੱਤ ਵਾਰ ਸਰਜਰੀ ਕਰਵਾਉਣੀ ਪਈ ਜਿਸ ਵਿਚ ਉਨ੍ਹਾਂ ਨੂੰ ਅੱਠ ਪਿੰਨ, ਇਕ ਪਲੇਟ ਤੇ ਹਿਪ ਦੀ ਹੱਡੀ ਦੇ ਇਕ ਟੁਕੜੇ ਦਾ ਸਹਾਰਾ ਲੈਣਾ ਪਿਆ ਸੀ। ਇਸ ਕਾਰਨ ਉਹ ਦੋ ਸੈਸ਼ਨ ਤਕ ਕ੍ਰਿਕਟ ਤੋਂ ਦੂਰ ਰਹੇ। ਪੇਨ ਨੇ ਕਿਹਾ ਕਿ ਫਿਰ ਮੇਰੀ ਖੇਡ ਵਿਚ ਗਿਰਾਵਟ ਆਉਣ ਲੱਗੀ। ਮੈਂ ਬਿਲਕੁਲ ਆਤਮਵਿਸ਼ਵਾਸ ਗੁਆ ਦਿੱਤਾ ਸੀ। ਮੈਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਸੱਚਾਈ ਇਹ ਹੈ ਕਿ ਮੈਂ ਜ਼ਖ਼ਮੀ ਹੋਣ ਤੋਂ ਡਰ ਰਿਹਾ ਸੀ ਤੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਰਨ ਜਾ ਰਿਹਾ ਹਾਂ। ਮੈਨੂੰ ਨੀਂਦ ਨਹੀਂ ਆ ਰਹੀ ਸੀ, ਮੈਂ ਚੰਗੀ ਤਰ੍ਹਾਂ ਖਾਣਾ ਨਹੀਂ ਖਾ ਪਾ ਰਿਹਾ ਸੀ। ਮੈਂ ਖੇਡ ਤੋਂ ਪਹਿਲਾਂ ਇੰਨਾ ਘਬਰਾ ਗਿਆ ਸੀ ਮੇਰੇ 'ਚ ਕੋਈ ਊਰਜਾ ਨਹੀਂ ਸੀ। ਇਸ ਨਾਲ ਜਿਊਣਾ ਕਾਫੀ ਡਰਾਉਣਾ ਸੀ। ਮੈਂ ਹਮੇਸ਼ਾ ਗੁੱਸੇ ਵਿਚ ਰਹਿੰਦਾ ਸੀ ਤੇ ਉਸ ਨੂੰ ਦੂਜੇ 'ਤੇ ਕੱਢਦਾ ਸੀ।