ਨਵੀਂ ਦਿੱਲੀ (ਜੇਐੱਨਐੱਨ) : ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਅੰਤਰਰਾਸ਼ਟਰੀ ਕ੍ਰਿਕਟ ਬੰਦ ਪਿਆ ਹੈ। ਇੰਨਾ ਜ਼ਰੂਰ ਹੈ ਕਿ ਕ੍ਰਿਕਟ ਸ਼ੁਰੂ ਕਰਨ ਲਈ ਹੁਣ ਕਦਮ ਵਧਣੇ ਸ਼ੁਰੂ ਹੋ ਗਏ ਹਨ ਤੇ ਇਸ ਦੀ ਸ਼ੁਰੂਆਤ ਅਗਲੇ ਮਹੀਨੇ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਨਾਲ ਹੋ ਰਹੀ ਹੈ। ਇਸ ਵਿਚਾਲੇ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਮੈਦਾਨ 'ਤੇ ਵਾਪਸੀ ਕਰਨ 'ਤੇ ਲੱਗੀਆਂ ਹੋਈਆਂ ਹਨ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਹ ਕਹਿੰਦੇ ਹੋਏ ਇਨ੍ਹਾਂ ਕਿਆਸ ਅਰਾਈਆਂ 'ਤੇ ਫ਼ਿਲਹਾਲ ਰੋਕ ਲਾ ਦਿੱਤੀ ਹੈ ਕਿ ਅਗਸਤ ਤੋਂ ਪਹਿਲਾਂ ਟੀਮ ਇੰਡੀਆ ਦਾ ਕੈਂਪ ਸ਼ੁਰੂ ਨਹੀਂ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਅਜੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਮੈਦਾਨ 'ਤੇ ਵਾਪਸੀ ਕਰਨ ਲਈ ਇਕ ਮਹੀਨਾ ਹੋਰ ਉਡੀਕ ਕਰਨੀ ਪਵੇਗੀ। ਗਾਂਗੁਲੀ ਨੇ ਇਕ ਨਿੱਜੀ ਚੈਨਲ 'ਤੇ ਕਿਹਾ ਕਿ ਟੀਮ ਇੰਡੀਆ ਦੇ ਖਿਡਾਰੀਆਂ ਦਾ ਕੈਂਪ ਅਗਸਤ ਤੋਂ ਪਹਿਲਾਂ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਅੱਠ ਜੁਲਾਈ ਤੋਂ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਮੈਚ ਨਾਲ ਦੁਬਾਰਾ ਅੰਤਰਰਾਸ਼ਟਰੀ ਕ੍ਰਿਕਟ ਸ਼ੁਰੂ ਹੋ ਜਾਵੇਗਾ। ਉਥੇ ਐਤਵਾਰ ਨੂੰ ਪਾਕਿਸਤਾਨ ਦੀ ਟੀਮ ਵੀ ਇੰਗਲੈਂਡ ਲਈ ਰਵਾਨਾ ਹੋ ਗਈ ਜਿੱਥੇ ਉਨ੍ਹਾਂ ਨੇ ਤਿੰਨ ਟੈਸਟ ਮੈਚਾਂ ਦੀ ਟੈਸਟ ਤੇ ਟੀ-20 ਸੀਰੀਜ਼ ਖੇਡਣੀ ਹੈ।

ਟੀ-20 ਦੇ ਮੁਲਤਵੀ ਹੋਣ 'ਤੇ ਹੀ ਆਈਪੀਐੱਲ 'ਤੇ ਫ਼ੈਸਲਾ :

ਇਸ ਤੋਂ ਪਹਿਲਾਂ ਸ੍ਰੀਲੰਕਾ ਵਿਚ ਏਸ਼ੀਆ ਕੱਪ ਕਰਵਾਉਣ ਬਾਰੇ ਵੀ ਗੱਲ ਹੋ ਰਹੀ ਸੀ। ਆਈਪੀਐੱਲ ਕਦ ਹੋਵੇਗਾ ਇਹ ਸਾਹਮਣੇ ਤਦ ਆਵੇਗਾ ਜਦ ਟੀ-20 ਵਿਸ਼ਵ ਕੱਪ ਨੂੰ ਰਸਮੀ ਤੌਰ 'ਤੇ ਟਾਲ਼ ਦਿੱਤਾ ਜਾਂਦਾ ਹੈ ਪਰ ਗਾਂਗੁਲੀ ਦੇ ਬਿਆਨ ਤੋਂ ਬਾਅਦ ਇਹ ਗੱਲ ਫ਼ਿਲਹਾਲ ਸਾਫ਼ ਹੈ ਕਿ ਭਾਰਤੀ ਖਿਡਾਰੀਆਂ ਨੂੰ ਕੈਂਪ ਵਿਚ ਟ੍ਰੇਨਿੰਗ 'ਤੇ ਮੁੜਨ ਲਈ ਅਜੇ ਵੀ ਘੱਟੋ ਘੱਟ ਇਕ ਮਹੀਨਾ ਉਡੀਕ ਕਰਨੀ ਪਵੇਗੀ।