ਮੈਲਬੌਰਨ (ਆਈਏਐੱਨਐੱਸ) : ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਕਿਹਾ ਹੈ ਕਿ ਉਹ ਇਸ ਸਾਲ ਅਕਤੂਬਰ-ਨਵੰਬਰ ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੇ ਇੱਛਕ ਨਹੀਂ ਹਨ। ਬੋਰਡ ਨੇ ਕਿਹਾ ਕਿ ਉਹ 2022 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਲ ਕਰਨ ਦੀ ਥਾਂ 2021 ਐਡੀਸ਼ਨ ਦੀ ਮੇਜ਼ਬਾਨੀ ਕਰਨਾ ਚਾਹੇਗਾ। 2021 ਟੀ-20 ਵਿਸ਼ਵ ਕੱਪ ਭਾਰਤ ਵਿਚ ਹੋਣਾ ਹੈ। ਆਸਟ੍ਰੇਲੀਆਈ ਮੀਡੀਆ ਵਿਚ ਜਾਰੀ ਖ਼ਬਰਾਂ ਮੁਤਾਬਕ, ਸੀਏ ਦੇ ਚੇਅਰਮੈਨ ਅਰਲ ਏਡਿੰਗਜ਼ ਨੇ ਇਸ ਸਬੰਧ ਵਿਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਵਿੱਤੀ ਤੇ ਵਪਾਰਕ ਮਾਮਲਿਆਂ ਦੀ ਕਮੇਟੀ ਨੂੰ ਵੀਰਵਾਰ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਕਾਰਨ ਟੀ-20 ਵਿਸ਼ਵ ਕੱਪ ਨੂੰ ਸ਼ਿਫਟ ਕਰਨ ਦੀ ਗੱਲ ਕਹੀ ਹੈ। ਆਈਸੀਸੀ ਨੇ ਇਸ ਦੇ ਜਵਾਬ ਵਿਚ ਸੀਏ ਨੂੰ ਇਕ ਪੱਤਰ ਲਿਖ ਕੇ ਪੁੱਛਿਆ ਹੈ ਕਿ ਜੇ ਬੋਰਡ ਇਸ ਸਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਿਚ ਯੋਗ ਨਹੀਂ ਹੁੰਦਾ ਤਾਂ ਫਿਰ ਕਿਹੜਾ ਬਿਹਤਰ ਬਦਲ ਰਹੇਗਾ। ਏਡਿੰਗਜ਼ ਨੇ ਆਈਸੀਸੀ ਨੂੰ ਦੱਸਿਆ ਕਿ ਆਸਟ੍ਰੇਲੀਆ ਅਗਲੇ ਸਾਲ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਹ ਟੂਰਨਾਮੈਂਟ 2022 ਤਕ ਮੁਲਤਵੀ ਹੋਵੇ। ਆਈਸੀਸੀ ਬੋਰਡ ਦੀ ਸ਼ਸ਼ਾਂਕ ਮਨੋਹਰ ਦੀ ਪ੍ਰਧਾਨਗੀ ਵਿਚ ਵੀਰਵਾਰ ਨੂੰ ਮੀਟਿੰਗ ਹੋਈ ਸੀ ਜਿਸ ਵਿਚ ਆਈਸੀਸੀ ਨੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਫ਼ੈਸਲਾ 10 ਜੂਨ ਤਕ ਟਾਲ਼ ਦਿੱਤਾ ਸੀ। ਆਈਸੀਸੀ ਦੀ 10 ਜੂਨ ਨੂੰ ਹੋਣ ਵਾਲੀ ਮੀਟਿੰਗ ਵਿਚ ਇਸ ਸਾਲ ਆਸਟ੍ਰੇਲੀਆ ਵਿਚ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਫ਼ੈਸਲਾ ਲਿਆ ਜਾਵੇਗਾ।

ਆਈਪੀਐੱਲ ਕਰਵਾਉਣ ਦੀ ਸੰਭਾਵਨਾ ਵਧੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਨੂੰ ਕ੍ਰਿਕਟ ਆਸਟ੍ਰੇਲੀਆ ਨਾਲ ਅਦਬਾ-ਬਦਲੀ ਕਰਨ ਦੇ ਮੂਡ ਵਿਚ ਨਹੀਂ ਹੈ। ਜੇ ਇਸ ਸਾਲ ਟੀ-20 ਵਿਸ਼ਵ ਕੱਪ ਮੁਲਤਵੀ ਹੁੰਦਾ ਹੈ ਤਾਂ ਬੀਸੀਸੀਆਈ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 13ਵੇਂ ਐਡੀਸ਼ਨ ਨੂੰ ਕਰਵਾਉਣ ਲਈ ਵਿੰਡੋ ਮਿਲ ਜਾਵੇਗੀ।

ਭਾਰਤ ਨਾਲ ਸੀਰੀਜ਼ ਦਾ ਪ੍ਰੋਗਰਾਮ ਸਭ ਸਹੀ ਹੋਣ ਦੇ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਸਮਾਂ ਜਦ ਨੇੜੇ ਆਵੇਗਾ, ਤਾਂ ਹੋ ਸਕਦਾ ਹੈ ਸਾਨੂੰ ਇਕ ਜਾਂ ਦੋ ਮੈਦਾਨਾਂ 'ਤੇ ਹੀ ਖੇਡਣਾ ਪਵੇ। ਅਜੇ ਸਾਨੂੰ ਕੁਝ ਨਹੀਂ ਪਤਾ।

-ਕ੍ਰਿਕਟ ਆਸਟ੍ਰੇਲੀਆ

Posted By: Rajnish Kaur