ਨਵੀਂ ਦਿੱਲੀ, ਆਨਲਾਈਨ ਡੈਸਕ: ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਰਮੀਜ਼ ਰਾਜਾ ਨੇ ਹਾਲ ਹੀ 'ਚ ਕਿਹਾ ਸੀ ਕਿ ਜੇਕਰ ਭਾਰਤ ਏਸ਼ੀਆ ਕੱਪ 2023 'ਚ ਖੇਡਣ ਲਈ ਪਾਕਿਸਤਾਨ ਨਹੀਂ ਆਉਂਦਾ ਤਾਂ ਪਾਕਿਸਤਾਨ ਵੀ ਵਨਡੇ ਵਿਸ਼ਵ ਕੱਪ 2023 'ਚ ਹਿੱਸਾ ਲੈਣ ਲਈ ਭਾਰਤ ਨਹੀਂ ਜਾਵੇਗਾ। ਰਮੀਜ਼ ਰਾਜਾ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਦਾ ਮੰਨਣਾ ਹੈ ਕਿ ਰਾਜਾ ਵਿੱਚ ਗੱਲ ਕਰਨ ਦੀ ਸਮਰੱਥਾ ਨਹੀਂ ਹੈ ਅਤੇ ਪੀਸੀਬੀ ਮੁਖੀ ਨੂੰ ਸਖ਼ਤ ਚਿਤਾਵਨੀ ਵੀ ਦਿੱਤੀ ਹੈ।

ਦਾਨਿਸ਼ ਕਨੇਰੀਆ ਦਾ ਮੰਨਣਾ ਹੈ ਕਿ ਪੀਸੀਬੀ ਦੀ ਇਸ ਧਮਕੀ ਦਾ ਭਾਰਤ 'ਤੇ ਕੋਈ ਅਸਰ ਨਹੀਂ ਪਵੇਗਾ ਅਤੇ ਜੇਕਰ ਪਾਕਿਸਤਾਨ ਵਨਡੇ ਵਿਸ਼ਵ ਕੱਪ ਖੇਡਣ ਤੋਂ ਇਨਕਾਰ ਕਰਦਾ ਹੈ ਤਾਂ ਇਹ ਉਸ ਦਾ ਨੁਕਸਾਨ ਹੋਵੇਗਾ। ਕਨੇਰੀਆ ਨੇ ਕਿਹਾ ਕਿ ਪੀਸੀਬੀ ਕੋਲ ਆਈਸੀਸੀ ਦੇ ਕਿਸੇ ਵੀ ਸਮਾਗਮ ਦਾ ਬਾਈਕਾਟ ਕਰਨ ਦੀ ਹਿੰਮਤ ਨਹੀਂ ਹੈ। ਦੂਜੇ ਪਾਸੇ ਭਾਰਤ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਪਾਕਿਸਤਾਨ ਨਾ ਆਵੇ। ਉਹਨਾਂ ਕੋਲ ਇੱਕ ਬਹੁਤ ਵੱਡਾ ਬਾਜ਼ਾਰ ਹੈ ਜੋ ਬਹੁਤ ਸਾਰਾ ਮਾਲੀਆ ਪੈਦਾ ਕਰਦਾ ਹੈ।ਦਾਨਿਸ਼ ਕਨੇਰੀਆ ਨੇ ਕਿਹਾ ਕਿ ਪਾਕਿਸਤਾਨ ਆਖਰਕਾਰ ਵਿਸ਼ਵ ਕੱਪ ਲਈ ਭਾਰਤ ਦਾ ਦੌਰਾ ਕਰੇਗਾ ਕਿਉਂਕਿ ਉਸ ਦੇ ਅਧਿਕਾਰੀ ਕਹਿਣਗੇ ਕਿ ਆਈਸੀਸੀ ਦਾ ਦਬਾਅ ਹੋਣ ਕਾਰਨ ਉਨ੍ਹਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਜੇਕਰ ਉਹ ਵਾਰ-ਵਾਰ ਆਈਸੀਸੀ ਮੁਕਾਬਲਿਆਂ ਨੂੰ ਛੱਡਣ ਦੀ ਗੱਲ ਕਰਦਾ ਹੈ ਤਾਂ ਇਸ ਦਾ ਪਾਕਿਸਤਾਨ ਕ੍ਰਿਕਟ 'ਤੇ ਬੁਰਾ ਅਸਰ ਪਵੇਗਾ।ਕਨੇਰੀਆ ਨੇ ਕਿਹਾ ਕਿ ਏਸ਼ੀਆ ਕੱਪ 'ਚ ਅਜੇ ਕਾਫੀ ਸਮਾਂ ਹੈ ਅਤੇ ਸਾਨੂੰ ਯਕੀਨ ਨਹੀਂ ਹੈ ਕਿ ਦੇਸ਼ 'ਚ ਸਭ ਕੁਝ ਠੀਕ ਰਹੇਗਾ। ਪਤਾ ਨਹੀਂ ਉਸ ਸਮੇਂ ਦੇਸ਼ ਵਿੱਚ ਕੀ ਸਥਿਤੀ ਬਣੇਗੀ। ਅਜਿਹਾ ਵੀ ਹੋ ਸਕਦਾ ਹੈ ਕਿ ਭਾਰਤ ਤੋਂ ਇਲਾਵਾ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਵੀ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦੇਣ। ਪਾਕਿਸਤਾਨ ਦੇ ਲੋਕ ਚਾਹੁੰਦੇ ਹਨ ਕਿ ਏਸ਼ੀਆ ਕੱਪ ਉਨ੍ਹਾਂ ਦੇ ਦੇਸ਼ 'ਚ ਹੋਵੇ ਪਰ ਇਸ ਦੇਸ਼ ਦੇ ਹਾਲਾਤ ਨੂੰ ਦੇਖਦੇ ਹੋਏ ਪਾਕਿਸਤਾਨ ਬੈਕਫੁੱਟ 'ਤੇ ਹੈ।

Posted By: Sandip Kaur