ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਨੇ ਸੋਮਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ। ਕੋਹਲੀ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਤੇ ਲਿਖਿਆ ਕਿਰਪਾ ਕਰਕੇ ਜਿੰਨਾ ਜਲਦੀ ਹੋ ਸਕੇ ਵੈਕਸੀਨ ਲਗਵਾਓ। ਸੁਰੱਖਿਅਤ ਰਹੋ। ਉੱਥੇ ਹੀ ਈਸ਼ਾਂਤ ਤੇ ਉਨ੍ਹਾਂ ਦੀ ਪਤਨੀ ਪ੍ਰਤੀਮ ਨੇ ਇਕ ਟੀਕਾਕਰਨ ਕੇਂਦਰ ਦੀ ਆਪਣੀ ਸੈਲਫੀ ਅਪਲੋਡ ਕੀਤੀ। ਈਸ਼ਾਂਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, 'ਸੁਵਿਧਾ ਤੇ ਪ੍ਰਬੰਧਨ ਨੂੰ ਠੀਕ ਢੰਗ ਨਾਲ ਚਲਦਾ ਦੇਖ ਕੇ ਖ਼ੁਸ਼ ਹਾਂ। ਸਾਰੇ ਜਲਦ ਤੋਂ ਜਲਦ ਵੈਕਸੀਨ ਲਗਵਾਓ।'

ਇਸ ਤੋਂ ਪਹਿਲਾਂ ਟੈਸਟ 'ਚ ਭਾਰਤ ਦੇ ਉਪ-ਕਪਤਾਨ ਅਜਿੰਕਿਆ ਰਹਾਨੇ, ਤੇਜ਼ ਗੇਂਦਬਾਜ਼ ਓਮੇਸ਼ ਯਾਦਵ ਤੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ। ਭਾਰਤੀ ਟੀਮ ਦੋ ਜੂਨ ਨੂੰ ਸਾਢੇ ਤਿੰਨ ਮਹੀਨਿਆਂ ਲਈ ਇੰਗਲੈਂਡ ਦੌਰੇ 'ਤੇ ਜਾਵੇਗੀ। ਇੱਥੇ ਟੀਮ 6 ਟੈਸਟ ਮੈਚ ਖੇਡੇਗੀ। ਇਸ 'ਚ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਸ਼ਾਮਲ ਹੈ। ਬੀਸੀਸੀਆਈ ਨੇ ਦੌਰੇ ਲਈ 20 ਮੈਂਬਰੀ ਟੀਮ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ।

Posted By: Amita Verma