ਜੇਐੱਨਐੱਨ, ਨਵੀਂ ਦਿੱਲੀ : ਆਸਟ੍ਰੇਲੀਆਈ ਕ੍ਰਿਕਟ ਟੀਮ ਨੇ 2021-22 ਸੀਜ਼ਨ 'ਚ ਅਫ਼ਗਾਨਿਸਤਾਨ ਖ਼ਿਲਾਫ਼ ਇਕ ਟੈਸਟ ਮੈਚ ਤੇ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਵਨ ਡੇਅ ਮੈਚ ਦੀ ਸੀਰੀਜ਼ ਖੇਡਣੀ ਸੀ। ਦੋਵੇਂ ਹੀ ਸੀਰੀਜ਼ ਹੁਣ ਮੁਲਤਵੀ ਕਰ ਦਿੱਤੀਆਂ ਹਨ। ਕ੍ਰਿਕਟ ਆਸਟ੍ਰੇਲੀਆ ਨੇ ਇਸਦੀ ਜਾਣਕਾਰੀ ਦਿੱਤੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇੰਟਰਨੈਸ਼ਨਲ ਸੀਰੀਜ਼ ਕਰਵਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸਦੇ ਚੱਲਦਿਆਂ ਤਿੰਨੋਂ ਕ੍ਰਿਕਟ ਬੋਰਡ ਦੋਵੇਂ ਸੀਰੀਜ਼ ਮੁਲਤਵੀ ਕਰਨ ਲਈ ਸਹਿਮਤ ਹੋਈਆਂ ਹਨ।

ਦੱਸ ਦੇਈਏ ਕਿ ਅਫ਼ਗਾਨਿਸਤਾਨ ਦਾ ਆਸਟ੍ਰੇਲੀਆ ਖ਼ਿਲਾਫ਼ ਇਹ ਪਹਿਲਾਂ ਟੈਸਟ ਹੁੰਦਾ। ਇਹ ਮੈਚ ਨਵੰਬਰ 'ਚ ਪਰਥ 'ਚ ਖੇਡਿਆ ਜਾਣਾ ਸੀ। ਉਥੇ ਆਸਟ੍ਰੇਲੀਆ ਨੂੰ ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੀ ਵੀ ਮੇਜ਼ਬਾਨੀ ਕਰਨੀ ਹੈ। ਭਾਰਤ ਨੂੰ ਆਸਟ੍ਰੇਲੀਆ ਤੋਂ ਚਾਰ ਟੈਸਟ ਸੀਰੀਜ਼, ਤਿੰਨ ਵਨ ਡੇਅ ਅਤੇ ਤਿੰਨ ਟੀ-20 ਮੈਚ ਖੇਡਣਾ ਹੈ। ਹਾਲਾਂਕਿ, ਹਾਲੇ ਤਕ ਇਸਦਾ ਸ਼ਡਿਊਲ ਜਾਰੀ ਨਹੀਂ ਹੋ ਸਕਿਆ ਹੈ।

ਪਾਬੰਦੀਆਂ 'ਚ ਢਿੱਲ ਮਿਲਣ ਤੋਂ ਬਾਅਦ ਕਰਵਾਈਆਂ ਜਾਣਗੀਆਂ ਦੋਵੇਂ ਸੀਰੀਜ਼

ਕ੍ਰਿਕਟ ਆਸਟ੍ਰੇਲੀਆ ਦੇ ਅੰਤਰਿਮ ਸੀਈਓ ਨਿਕ ਹਾਕਲੇ ਨੇ ਕਿਹਾ ਕਿ ਆਸਟ੍ਰੇਲੀਆ ਭਵਿੱਖ 'ਚ ਅਫ਼ਗਾਨਿਸਤਾਨ ਅਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰਨ ਦੇ ਮੌਕੇ ਦਾ ਸਵਾਗਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਦੋਵੇਂ ਸੀਰੀਜ਼ ਕੋਰੋਨਾ ਮਹਾਮਾਰੀ ਕਾਰਨ ਲਾਗੂ ਪਾਬੰਦੀਆਂ 'ਚ ਢਿੱਲ ਮਿਲਣ ਤੋਂ ਬਾਅਦ ਕਰਵਾਈ ਜਾਵੇਗੀ।

ਭਾਰਤੀ ਕ੍ਰਿਕਟ ਟੀਮ ਦਾ ਸਵਾਗਤ ਕਰਨ ਲਈ ਕ੍ਰਿਕਟ ਆਸਟ੍ਰੇਲੀਆ ਤਿਆਰ

ਹਾਕਲੇ ਨੇ ਕਿਹਾ ਅਸੀਂ ਲੋਕਾਂ ਨੇ ਸੀਰੀਜ਼ ਕਰਵਾਉਣ ਲਈ ਕਾਫੀ ਮਿਹਨਤ ਕੀਤੀ, ਪਰ ਕੋਰੋਨਾ ਕਾਰਨ ਇੰਟਰਨੈਸ਼ਨਲ ਟਰੈਵਲ ਦੀਆਂ ਚੁਣੌਤੀਆਂ ਅਤੇ ਕੁਆਰੰਟਾਈਨ ਦੀਆਂ ਪਾਬੰਦੀਆਂ ਕਾਰਨ ਤਿੰਨੋਂ ਬੋਰਡ ਨੇ ਸੀਰੀਜ਼ ਅੱਗੇ ਖੇਡਣ ਦਾ ਫ਼ੈਸਲਾ ਕੀਤਾ। ਭਾਰਤੀ ਕ੍ਰਿਕਟ ਟੀਮ ਦਾ ਸਵਾਗਤ ਕਰਨ ਲਈ ਕ੍ਰਿਕਟ ਆਸਟ੍ਰੇਲੀਆ ਤਿਆਰ ਹੈ।

ਟੀ 20 ਵਰਲਡ ਕੱਪ ਮੁਲਤਵੀ ਕੀਤਾ ਜਾ ਚੁੱਕਾ ਹੈ

ਕੋਰੋਨਾ ਕਾਰਨ ਟੀ 20 ਵਰਲਡ ਕੱਪ ਪਹਿਲਾਂ ਹੀ ਮੁਲਤਵੀ ਕੀਤਾ ਜਾ ਚੁੱਕਾ ਹੈ। ਇਹ ਟੂਰਨਾਮੈਂਟ ਅਕਤੂਬਰ ਨਵੰਬਰ 'ਚ ਆਸਟ੍ਰੇਲੀਆ 'ਚ ਹੀ ਹੋਣਾ ਸੀ। ਇਸਤੋਂ ਇਲਾਵਾ ਆਸਟ੍ਰੇਲੀਆ ਨੇ ਜੂਨ 'ਚ ਬੰਗਲਾਦੇਸ਼ ਦੇ ਪ੍ਰਸਤਾਵਿਤ ਦੌਰੇ ਨੂੰ ਵੀ ਮੁਲਤਵੀ ਕਰ ਦਿੱਤਾ। ਦੋਵੇਂ ਟੀਮਾਂ 'ਚ ਦੋ ਟੈਸਟ ਦੀ ਸੀਰੀਜ਼ ਹੋਣੀ ਸੀ।

Posted By: Ramanjit Kaur