ਕ੍ਰਾਈਸਟਚਰਚ (ਏਪੀ) : ਡੇਵੋਨ ਕਾਨਵੇ ਦੀ 59 ਗੇਂਦਾਂ 'ਤੇ ਖੇਡੀ ਗਈ ਅਜੇਤੂ 99 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਪਹਿਲੇ ਟੀ-20 ਕ੍ਰਿਕਟ ਮੈਚ 'ਚ ਆਸਟ੍ਰੇਲੀਆ ਨੂੰ 53 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ 'ਚ ਜਨਮੇ ਕਾਨਵੇ ਨੇ ਟੀ-20 'ਚ ਆਪਣਾ ਸਰਬੋਤਮ ਸਕੋਰ ਬਣਾਇਆ। ਉਨ੍ਹਾਂ ਉਸ ਸਮੇਂ ਕ੍ਰੀਜ਼ 'ਤੇ ਕਦਮ ਰੱਖਿਆ ਜਦੋਂ ਨਿਊਜ਼ੀਲੈਂਡ ਦਾ ਸਕੋਰ ਦੋ ਵਿਕਟਾਂ 'ਤੇ 11 ਸੀ। ਉਨ੍ਹਾਂ ਦੀ ਅਜੇਤੂ ਪਾਰੀ ਨਾਲ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਨਿਊਜ਼ੀਲੈਂਡ ਦੀ ਟੀਮ ਪੰਜ ਵਿਕਟਾਂ 'ਤੇ 184 ਦੌੜਾਂ ਬਣਾਉਣ 'ਚ ਸਫਲ ਰਹੀ। ਜਵਾਬ 'ਚ ਆਸਟ੍ਰੇਲੀਆ ਦੀ ਟੀਮ 17.3 ਓਵਰ 'ਚ 131 ਦੌੜਾਂ 'ਤੇ ਆਊਟ ਹੋ ਗਈ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਪੰਜ ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਬਣਾਈ। ਨਿਊਜ਼ੀਲੈਂਡ ਵੱਲੋਂ ਫਿਰਕੀ ਗੇਂਦਬਾਜ਼ ਈਸ਼ ਸੋਢੀ ਨੇ 28 ਦੌੜਾਂ ਦੇ ਚਾਰ ਵਿਕਟਾਂ ਲਈਆਂ।

Posted By: Susheel Khanna