ਜੇਐੱਨਐੱਨ, ਨਵੀਂ ਦਿੱਲੀ : ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਖਾਣੇ ’ਚ ਕਥਿਤ ਤੌਰ ’ਤੇ ਹਲਾਲ ਮੀਟ ਲਾਜ਼ਮੀ ਕਰਨ ਬਾਰੇ ਇੰਟਰਨੈੱਟ ਮੀਡੀਆ ’ਤੇ ਕਾਫ਼ੀ ਹੰਗਾਮਾ ਹੋ ਗਿਆ ਹੈ ਤੇ ਬੀਸੀਸੀਆਈ ਦੀ ਖਿਚਾਈ ਹੋ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਬੀਸੀਸੀਆਈ ਨੇ ਕਾਨਪੁਰ ਟੈਸਟ ਮੈਚ ਲਈ ਤਿਆਰ ਕੀਤੇ ਗਏ ਡਾਈਟ ਚਾਰਟ ’ਚ ਹਲਾਲ ਮੀਟ ਨੂੰ ਲਾਜ਼ਮੀ ਕੀਤਾ ਹੈ ਤੇ ਇਸ ’ਤੇ ਪ੍ਰਸ਼ੰਸਕ ਬੀਸੀਸੀਆਈ ਦੀ ਖਿਚਾਈ ਕਰ ਰਹੇ ਹਨ। ਇਸ ਦੇ ਵਿਰੋਧ ’ਚ ਮੰਗਲਵਾਰ ਸਵੇਰੇ ਟਵਿੱਟਰ ’ਤੇ ‘ਬੀਸੀਸੀਆਈ ਪ੍ਰਮੋਟਰਸ ਹਲਾਲ’ ਟ੍ਰੈਂਡ ਹੋ ਰਿਹਾ ਹੈ।

ਖ਼ਬਰਾਂ ਮੁਤਾਬਕ ਬੀਸੀਸੀਆਈ ਨੇ ਭਾਰਤੀ ਕ੍ਰਿਕਟ ਟੀਮ ਲਈ ਜੋ ਨਵਾਂ ਡਾਈਟ ਚਾਰਟ ਤਿਆਰ ਕੀਤਾ ਹੈ, ਉਸ ਨੂੰ ਕ੍ਰਿਕਟਰਾਂ ਨੂੰ ਸਖ਼ਤੀ ਨਾਲ ਮੰਨਣਾ ਪਵੇਗਾ। ਇਸ ਚਾਰਟ ’ਚ ਹਲਾਲ ਕੀਤੇ ਮਾਸ ਨੂੰ ਖਾਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਜੇ ਕਿਸੇ ਖਿਡਾਰੀ ਨੇ ਮੀਟ ਖਾਣਾ ਹੈ ਤਾਂ ਉਹ ਸਿਰਫ਼ ਹਲਾਲ ਮੀਟ ਹੋ ਖਾ ਸਕਦਾ ਹੈ। ਖਿਡਾਰੀਆਂ ਦੇ ਖਾਣੇ ਦੇ ਮੈਨਿਊ ’ਚੋਂ ਪੋਰਕ (ਸੂਰ ਦਾ ਮਾਸ) ਤੇ ਬੀਫ (ਗਾਂ ਜਾਂ ਮੱਝ ਦਾ ਮਾਸ) ਬਾਹਰ ਰੱਖੇ ਗੇ ਹਨ। ਇਸ ਤੋਂ ਇਲਾਵਾ ਖਿਡਾਰੀ ਹੋਰ ਕਿਸੇ ਤਰ੍ਹਾਂ ਦੇ ਮੀਟ ਨਹੀਂ ਖਾ ਸਕਦੇ। ਆਗਾਮੀ ਸੀਰੀਜ਼ ਤੇ ਆਈਸੀਸੀ ਟੂਰਨਾਮੈਂਟਾਂ ਦੌਰਾਨ ਖਿਡਾਰੀਆਂ ਨੂੰ ਫਿੱਟ ਰੱਖਣ ਲਈ ਇਸ ਡਾਈਟ ਚਾਰਟ ਨੂੰ ਸਖ਼ਤੀ ਨਾਲ ਖਿਡਾਰੀਆਂ ’ਤੇ ਲਾਗੂ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਖਿਡਾਰੀਆਂ ਦਾ ਵਜ਼ਨ ਨਾ ਵਧੇ, ਇਸਦਾ ਵੀ ਖ਼ਾਸ ਖਿਆਲ ਰੱਖਿਆ ਜਾਵੇਗਾ।

ਖਿਡਾਰੀਆਂ ਲਈ ਹਲਾਲ ਮੀਟ ਲਾਜ਼ਮੀ ਕਰਨ ਬਾਰੇ ਪ੍ਰਸ਼ੰਸਕਾਂ ਨੇ ਇੰਟਰਨੈੱਟ ਮੀਡੀਆ ’ਤੇ ਸਵਾਲਾਂ ਦੀ ਲਾਈਨ ਲਾ ਦਿੱਤੀ ਹੈ ਕੁਝ ਪ੍ਰਸ਼ੰਸਕਾਂ ਨੇ ਪੁੱਛਿਆ, ‘ਕੀ ਭਾਰਤ ਇਕ ਇਸਲਾਮਿਕ ਦੇਸ਼ ਹੈ, ਜੋ ਹਲਾਲ ਮੀਟ ਨੂੰ ਲਾਜ਼ਮੀ ਕੀਤਾ ਗਿਆ ਹੈ। ਕੁਝ ਨੇ ਪੁੱਛਿਆ, ‘ਹਲਾਲ ਮੀਟ ਸਿਰਫ ਮੁਸਲਮਾਨਾਂ ਲਈ ਹੈ ਪਰ ਇਸ ਨੂੰ ਹਿੰਦੂਆਂ ਲਈ ਕਿਉਂ ਲਾਜ਼ਮੀ ਕੀਤਾ ਜਾ ਰਿਹਾ ਹੈ।’

ਬੀਸੀਸੀਆਈ ਤੋਂ ਸਵਾਲ ਕਰਨ ਵਾਲੇ ਜ਼ਿਆਦਾਤਰ ਲੋਕਾਂ ਦਾ ਤਰਕ ਸੀ ਕਿ ਹਲਾਲ ਮੀਟ ਮੁਸਲਮਾਨਾਂ ਲਈ ਜ਼ਰੂਰੀ ਦੱਸਿਆ ਗਿਆ ਹੈ। ਹੋਰਨਾਂ ਧਰਮਾਂ ਦੇ ਲੋਕਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੂਜੇ ਪਾਸੇ ਕ੍ਰਿਕਟ ਟੀਮ ’ਚ ਹਰ ਧਰਮ ਦੇ ਲੋਕ ਹਨ। ਅਜਿਹੇ ’ਚ ਕਿਸੇ ਇਕ ਧਰਮ ਦੀ ਮਾਨਤਾ ਨੂੰ ਲੈ ਕੇ ਕੋਈ ਫ਼ੈਸਲਾ ਲੈਣ ਠੀਕ ਨਹੀਂ ਹੈ।

Posted By: Susheel Khanna