ਅਭਿਸ਼ੇਕ ਤਿ੍ਪਾਠੀ, ਅਹਿਮਦਾਬਾਦ : ਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਨੌਜਵਾਨ ਵਾਸ਼ਿੰਗਟਨ ਸੁੰਦਰ ਮੌਜੂਦਾ ਟੈਸਟ ਟੀਮ ਵਿਚ ਉਹੀ ਭੂਮਿਕਾ ਨਿਭਾਅ ਸਕਦੇ ਹਨ ਜੋ ਆਪਣੇ ਦੌਰ ਵਿਚ ਉਹ ਨਿਭਾਇਆ ਕਰਦੇ ਸਨ। ਖੱਬੇ ਹੱਥ ਦੇ ਮਾਹਿਰ ਬੱਲੇਬਾਜ਼ ਸੁੰਦਰ ਆਫ ਬ੍ਰੇਕ ਗੇਂਦਬਾਜ਼ੀ ਵੀ ਕਰਦੇ ਹਨ। ਉਨ੍ਹਾਂ ਨੇ ਆਪਣੇ ਚਾਰ ਟੈਸਟ ਵਿਚ ਤਿੰਨ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡਣ ਤੋਂ ਇਲਾਵਾ ਛੇ ਵਿਕਟਾਂ ਵੀ ਹਾਸਲ ਕੀਤੀਆਂ ਹਨ ਜਿਸ ਵਿਚ ਸਟੀਵ ਸਮਿਥ ਤੇ ਜੋ ਰੂਟ ਦੀਆਂ ਵਿਕਟਾਂ ਸ਼ਾਮਲ ਹਨ। ਆਪਣੀ ਹਰਫ਼ਨਮੌਲਾ ਕਾਬਲੀਅਤ ਦੀ ਬਦੌਲਤ ਸ਼ਾਸਤਰੀ ਪਿਛਲੀ ਸਦੀ ਦੇ ਨੌਂਵੇਂ ਦਹਾਕੇ ਵਿਚ ਸੁਨੀਲ ਗਾਵਸਕਰ ਤੇ ਕਪਿਲ ਦੇਵ ਦੇ ਪਸੰਦੀਦਾ ਹੋਇਆ ਕਰਦੇ ਸਨ।

ਸ਼ਾਸਤਰੀ ਨੇ ਆਪਣੇ ਕਰੀਅਰ ਵਿਚ 80 ਟੈਸਟ ਮੈਚ ਖੇਡੇ ਤੇ 4000 ਤੋਂ ਵੱਧ ਦੌੜਾਂ ਬਣਾਉਣ ਤੋਂ ਇਲਾਵਾ 150 ਤੋਂ ਵੱਧ ਵਿਕਟਾਂ ਲਈਆਂ। ਜਦ ਸ਼ਾਸਤਰੀ ਤੋਂ ਪੁੱਿਛਆ ਗਿਆ ਤੁਹਾਨੂੰ ਉਨ੍ਹਾਂ ਵਿਚ ਆਪਣਾ ਅਕਸ ਦਿਖਾਈ ਦਿੰਦਾ ਹੈ ਤਾਂ ਸ਼ਾਸਤਰੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਵਾਸ਼ੀ (ਵਾਸ਼ਿੰਗਟਨ ਸੁੰਦਰ) 'ਚ ਮੇਰੇ ਮੁਕਾਬਲੇ ਵੱਧ ਯੋਗਤਾ ਹੈ। ਉਨ੍ਹਾਂ ਵਿਚ ਕਾਬਲੀਅਤ ਹੈ ਤੇ ਉਹ ਕਾਫੀ ਅੱਗੇ ਜਾ ਸਕਦੇ ਹਨ। ਜੇ ਉਹ ਆਪਣੀ ਟੈਸਟ ਵਿਚ ਗੇਂਦਬਾਜ਼ੀ 'ਤੇ ਧਿਆਨ ਦੇਣ ਤਾਂ ਭਾਰਤ ਕੋਲ ਵਿਦੇਸ਼ੀ ਹਾਲਾਤ ਲਈ ਛੇਵੇਂ ਨੰਬਰ 'ਤੇ ਬਹੁਤ ਚੰਗੇ ਖਿਡਾਰੀ ਹੋ ਸਕਦੇ ਹਨ।

ਅਜਿਹਾ ਖਿਡਾਰੀ ਜੋ ਤੁਹਾਨੂੰ 50, 60 ਤੇ 70 ਦੇ ਨੇੜੇ ਦੌੜਾਂ ਬਣਾ ਕੇ ਦੇਵੇ ਤੇ ਫਿਰ ਤੁਹਾਡੇ ਲਈ 20 ਓਵਰ ਗੇਂਦਬਾਜ਼ੀ ਕਰੇ ਅਤੇ ਦੋ ਤੋਂ ਤਿੰਨ ਵਿਕਟਾਂ ਵੀ ਹਾਸਲ ਕਰ ਸਕੇ। ਇਹ ਵਿਦੇਸ਼ਾਂ ਵਿਚ ਮੇਰਾ ਕੰਮ ਹੋਇਆ ਕਰਦਾ ਸੀ ਤੇ ਮੈਨੂੰ ਲਗਦਾ ਹੈ ਕਿ ਉਹ ਇਸ ਨੂੰ ਆਸਾਨੀ ਨਾਲ ਕਰ ਸਕਦੇ ਹਨ।

ਉੱਪਰ ਬੱਲੇਬਾਜ਼ੀ ਕਰਨ ਦੀ ਵੀ ਦਿੱਤੀ ਸਲਾਹ

ਸ਼ਾਸਤਰੀ ਨੇ ਸੁਝਾਅ ਵੀ ਦਿੱਤਾ ਕਿ ਵਾਸ਼ਿੰਗਟਨ ਨੂੰ ਤਾਮਿਲਨਾਡੂ ਲਈ ਸਾਰੇ ਫਾਰਮੈਟਾਂ ਵਿਚ ਸਿਖਰਲੇ ਚਾਰ ਵਿਚ ਬੱਲੇਬਾਜ਼ੀ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਤਾਮਿਲਨਾਡੂ ਦੇ ਚੋਣਕਾਰਾਂ ਜਾ ਡੀਕੇ (ਕਪਤਾਨ ਦਿਨੇਸ਼ ਕਾਰਤਿਕ) ਨਾਲ ਇਸ ਬਾਰੇ ਗੱਲ ਕਰਨਾ ਚਾਹਾਂਗਾ।