ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਲ ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਨੂੰ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਫਿੱਟ ਟੂ ਫਲਾਈ (ਉਡਾਣ ਭਰਨ ਲਈ ਫਿੱਟ) ਜਾਂਚ ’ਚੋਂ ਗੁਜ਼ਰਨਾ ਪਵੇਗਾ। ਇਨ੍ਹਾਂ ਤਿੰਨਾਂ ਨੇ ਬਿ੍ਰਟੇਨ ਦੇ ਸਿਹਤ ਪ੍ਰੋਟੋਕਾਲ ਮੁਤਾਬਕ 10 ਦਿਨ ਦਾ ਕੁਆਰੰਟਾਈਨ ਪੂਰਾ ਕਰ ਲਿਆ ਹੈ ਪਰ ਵਾਪਿਸ ਦੇਸ਼ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਤੋਂ ਇਲਾਵਾ ਫਿੱਟ ਟੂ ਫਲਾਈ ਜਾਂਚ ਵਿਚ ਵੀ ਖ਼ਰਾ ਉਤਰਨਾ ਪਵੇਗਾ। ਭਾਰਤੀ ਖੇਮੇ ਵਿਚ ਕੋਵਿਡ-19 ਦੇ ਮਾਮਲੇ ਆਉਣ ਕਾਰਨ ਪਿਛਲੇ ਹਫ਼ਤੇ ਮਾਨਚੈਸਟਰ ਵਿਚ ਇੰਗਲੈਂਡ ਖ਼ਿਲਾਫ਼ ਪੰਜਵਾਂ ਟੈਸਟ ਰੱਦ ਕਰਨਾ ਪਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਾਸਤਰੀ, ਅਰੁਣ ਤੇ ਸ਼੍ਰੀਧਰ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਸਰੀਰਕ ਤੌਰ ’ਤੇ ਫਿੱਟ ਹਨ। ਸਿਹਤ ਪ੍ਰੋਟੋਕਾਲ ਮੁਤਾਬਕ ਉਡਾਣ ਭਰਨ ਲਈ ਫਿੱਟ ਹੋਣਾ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਸੀਟੀ ਸਕੋਰ 38 ਤੋਂ ਵੱਧ ਹੋਣਾ ਚਾਹੀਦਾ ਹੈ, ਤਦ ਉਹ ਉਡਾਣ ਭਰ ਸਕਣਗੇ। ਅਸੀਂ ਉਨ੍ਹਾਂ ਦੇ ਅਗਲੇ ਦੋ ਦਿਨ ਵਿਚ ਉਡਾਣ ਭਰਨ ਦੀ ਉਮੀਦ ਕਰ ਰਹੇ ਹਾਂ, ਜੇ ਉਨ੍ਹਾਂ ਦਾ ਸੀਟੀ ਸਕੋਰ ਸਹੀ ਰਹਿੰਦਾ ਹੈ ਤਾਂ। ਸੀਟੀ (ਸੀਟੀ ਸਕੈਨ) ਸਕੋਰ ਨਾਲ ਇਕ ਪੀੜਤ ਵਿਅਕਤੀ ਵਿਚ ਵਾਇਰਸ ਦੇ ਅਸਰ ਦਾ ਪਤਾ ਲਗਦਾ ਹੈ ਤੇ ਉਸ ਦੇ ਫੇਫੜਿਆਂ ਵਿਚ ਕਿੰਨਾ ਇਨਫੈਕਸ਼ਨ ਹੋਇਆ ਸੀ। ਜੇ ਸੀਟੀ ਸਕੋਰ ਵੱਧ ਹੈ ਤਾਂ ਇਸ ਤੋਂ ਪਤਾ ਲਗਦਾ ਹੈ ਕਿ ਵਿਅਕਤੀ ਠੀਕ ਹੈ ਤੇ ਮੰਨਿਆ ਜਾਂਦਾ ਹੈ ਕਿ ਲੰਬੀ ਫਲਾਈਟ ਲਈ ਵਿਅਕਤੀ ਦਾ ਸੀਟੀ ਸਕੋਰ 40 ਹੋਣਾ ਚਾਹੀਦਾ ਹੈ। ਸ਼ਾਸਤਰੀ ਓਵਲ ’ਚ ਚੌਥੇ ਟੈਸਟ ਦੇ ਤੀਜੇ ਦਿਨ ਕੋਰੋਨਾ ਪਾਜ਼ੇਟਿਵ ਆਏ ਸਨ। ਅਰੁਣ ਤੇ ਸ਼੍ਰੀਧਰ ਨੂੰ ਉਨ੍ਹਾਂ ਦੇ ਨੇੜਲੇ ਸੰਪਰਕ ਕਾਰਨ ਕੁਆਰੰਟਾਈਨ ਵਿਚ ਰਹਿਣਾ ਪਿਆ। ਹਾਲਾਂਕਿ ਬਾਅਦ ਵਿਚ ਇਹ ਦੋਵੇਂ ਵੀ ਪਾਜ਼ੇਟਿਵ ਆਏ ਸਨ। ਬੁੱਧਵਾਰ ਨੂੰ ਇਨ੍ਹਾਂ ਤਿੰਨਾਂ ਨੇ 10 ਦਿਨ ਦਾ ਕੁਆਰੰਟਾਈਨ ਪੂਰਾ ਕਰ ਲਿਆ ਸੀ।

Posted By: Jatinder Singh