ਮੁੰਬਈ (ਪੀਟੀਆਈ) : ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਇਕ ਰਹੱਸ ਤੋਂ ਪਰਦਾ ਉਠਾਇਆ ਕਿ ਆਈਪੀਐੱਲ ਦੇ ਪਿਛਲੇ ਸੈਸ਼ਨ 'ਚ ਜਦੋਂ ਪਿ੍ਥਵੀ ਸ਼ਾਅ ਖ਼ਰਾਬ ਦੌਰ 'ਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੈੱਟਸ 'ਤੇ ਬੱਲੇਬਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ। ਪੋਂਟਿੰਗ ਨੇ ਨਾਲ ਹੀ ਉਮੀਦ ਪ੍ਰਗਟਾਈ ਕਿ ਇਸ ਹੁਨਰਮੰਦ ਬੱਲੇਬਾਜ਼ ਨੇ ਆਗਾਮੀ ਮੁਕਾਬਲੇ ਤੋਂ ਪਹਿਲਾਂ ਬਿਹਤਰੀ ਲਈ ਆਪਣੇ ਟ੍ਰੇਨਿੰਗ ਆਦਤਾਂ 'ਚ ਸੁਧਾਰ ਕੀਤਾ ਹੋਵੇਗਾ।

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਪੋਟਿੰਗ ਦਿੱਲੀ ਕੈਪੀਟਲਸ ਨਾਲ ਪਿਛਲੇ ਦੋ ਸੈਸ਼ਨਾਂ ਤੋਂ 21 ਸਾਲ ਦੇ ਪਿ੍ਥਵੀ ਸ਼ਾਅ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਯਾਦ ਕੀਤਾ ਕਿ ਪਿਛਲੇ ਸੈਸ਼ਨ 'ਚ ਦੋ ਅਰਧ ਸੈਂਕੜੇ ਜੜਨ ਵਾਲੇ ਪਿ੍ਥਵੀ ਜਦੋਂ ਖ਼ਰਾਬ ਦੌਰ 'ਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੈੱਟਸ 'ਤੇ ਬੱਲੇਬਾਜ਼ੀ ਕਰਨ ਤੋਂ ਹੀ ਇਨਕਾਰ ਕਰ ਦਿੱਤਾ।

ਸ਼ਾਅ ਦਾ ਸੀ ਰੋਚਕ ਸਿਧਾਂਤ : ਚੇਨਈ 'ਚ ਨੌਂ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਗਾਮੀ ਟੂਰਨਾਮੈਂਟ ਤੋਂ ਪਹਿਲਾਂ ਪੋਂਟਿੰਗ ਨੇ ਕਿਹਾ ਕਿ ਪਿਛਲੇ ਸਾਲ ਆਪਣੀ ਬੱਲੇਬਾਜ਼ੀ ਬਾਰੇ ਪਿ੍ਥਵੀ ਦਾ ਰੋਚਕ ਸਿਧਾਂਤ ਸੀ ਕਿ ਜਦੋਂ ਉਹ ਦੌੜਾਂ ਨਹੀਂ ਬਣਾ ਰਹੇ ਹੁੰਦੇ ਤਾਂ ਉਹ ਨੈੱਟਸ 'ਤੇ ਬੱਲੇਬਾਜ਼ੀ ਨਹੀਂ ਕਰਨਗੇ ਤੇ ਜਦੋਂ ਉਹ ਦੌੜਾਂ ਬਣਾ ਰਹੇ ਹੋਣਗੇ ਤਾਂ ਹਮੇਸ਼ਾ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ। ਉਨ੍ਹਾਂ ਚਾਰ ਜਾਂ ਪੰਜ ਮੈਚਾਂ 'ਚ 10 ਤੋਂ ਘੱਟ ਦੌੜਾਂ ਬਣਾਈਆਂ ਤੇ ਮੈਂ ਉਨ੍ਹਾਂ ਨੂੰ ਕਹਿ ਰਿਹਾ ਸੀ ਕਿ ਸਾਨੂੰ ਨੈੱਟਸ 'ਤੇ ਜਾਣਾ ਚਾਹੀਦਾ ਹੈ ਤੇ ਦੇਖਣਾ ਚਾਹੀਦਾ ਹੈ ਕਿ ਕਿੱਥੇ ਸਮੱਸਿਆ ਹੈ ਤੇ ਉਨ੍ਹਾਂ ਮੇਰੀਆਂ ਅੱਖਾਂ 'ਚ ਦੇਖਿਆ ਤੇ ਕਿਹਾ, ਨਹੀਂ ਮੈਂ ਬੱਲੇਬਾਜ਼ੀ ਨਹੀਂ ਕਰਾਂਗਾ। ਮੈਨੂੰ ਇਹ ਬਿਲਕੁਲ ਵੀ ਸਮਝ ਨਹੀਂ ਆਇਆ। ਉਹ ਸ਼ਾਇਦ ਬਦਲ ਗਏ ਹੋਣ। ਮੈਨੂੰ ਪਤਾ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਉਨ੍ਹਾਂ ਕਾਫੀ ਕੰਮ ਕੀਤਾ ਹੈ। ਉਨ੍ਹਾਂ ਦਾ ਸਿਧਾਂਤ ਸ਼ਾਇਦ ਬਦਲ ਗਿਆ ਹੋਵੇ ਤੇ ਉਮੀਦ ਕਰਦਾ ਹਾਂ ਕਿ ਅਜਿਹਾ ਹੋਇਆ ਹੋਵੇਗਾ ਕਿਉਂਕਿ ਜੇ ਅਸੀਂ ਉਨ੍ਹਾਂ ਕੋਲੋਂ ਸਰਬੋਤਮ ਪ੍ਰਦਰਸ਼ਨ ਕਰਵਾ ਸਕਦੇ ਤਾਂ ਉਹ ਸੁਪਰਸਟਾਰ ਖਿਡਾਰੀ ਬਣ ਸਕਦੇ ਹਨ।

ਆਪਣੇ ਸ਼ਬਦਾਂ 'ਤੇ ਟਿਕੇ ਰਹੇ ਸ਼ਾਅ : ਪੋਟਿੰਗ 29 ਮਾਰਚ ਨੂੰ ਦਿੱਲੀ ਦੀ ਟੀਮ ਨਾਲ ਜੁੜੇ ਸਨ ਤੇ ਉਨ੍ਹਾਂ ਆਪਣਾ ਇਕ ਹਫ਼ਤੇ ਦਾ ਲੰਬਾ ਕੁਆਰੰਟਾਈਨ ਪੂਰਾ ਕਰ ਲਿਆ ਹੈ। ਆਸਟ੍ਰੇਲੀਆ ਦੇ ਇਸ ਸਾਬਕਾ ਕਪਤਾਨ ਨੇ ਕਿਹਾ ਕਿ ਪਿਛਲੇ ਸਾਲ ਉਹ ਪਿ੍ਥਵੀ ਨੂੰ ਸਲਾਹ ਦੇਣ ਤੋਂ ਪਿੱਛੇ ਨਹੀਂ ਹਟੇ ਪਰ ਇਹ ਯੁਵਾ ਬੱਲੇਬਾਜ਼ ਆਪਣੇ ਸ਼ਬਦਾਂ 'ਤੇ ਟਿਕਿਆ ਰਿਹਾ। ਪੋਂਟਿੰਗ ਨੂੰ ਭਰੋਸਾ ਹੈ ਕਿ ਪਿ੍ਥਵੀ ਕੌਮਾਂਤਰੀ ਪੱਧਰ 'ਤੇ ਅਸਰਦਾਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ, 'ਸ਼ਾਇਦ ਉਨ੍ਹਾਂ ਨੇ ਬਿਹਤਰੀ ਲਈ ਆਪਣੀਆਂ ਟ੍ਰੇਨਿੰਗ ਆਦਤਾਂ ਬਦਲ ਲਈਆਂ ਹੋਣ ਕਿਉਂਕਿ ਉਨ੍ਹਾਂ ਦੀ ਸਫਲਤਾ ਸਿਰਫ ਦਿੱਲੀ ਕੈਪੀਟਲਸ ਲਈ ਨਹੀਂ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਆਗਾਮੀ ਸਾਲਾਂ 'ਚ ਉਨ੍ਹਾਂ ਨੂੰ ਭਾਰਤ ਲਈ ਕਾਫੀ ਕ੍ਰਿਕਟ ਖੇਡਦੇ ਹੋਏ ਦੇਖੋਗੇ।'

ਸਚਿਨ ਤੇ ਪਿ੍ਥਵੀ ਸ਼ਾਅ 'ਚ ਕਈ ਸਮਾਨਤਾਵਾਂ : ਪੋਂਟਿੰਗ ਨੇ ਕਿਹਾ ਕਿ ਪਿ੍ਥਵੀ ਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਵਿਚਾਲੇ ਕਈ ਸਮਾਨਤਾਵਾਂ ਹਨ। ਉਨ੍ਹਾਂ ਕਿਹਾ ਕਿ ਸਚਿਨ ਤੇਂਦੁਲਕਰ ਵਾਂਗ ਉਹ ਗੇਂਦ ਨੂੰ ਫਰੰਟ ਤੇ ਬੈਕਫੁੱਟ ਦੋਵਾਂ 'ਤੇ ਕਾਫੀ ਤਾਕਤ ਨਾਲ ਹਿਟ ਕਰਦੇ ਹਨ ਤੇ ਸਪਿਨ ਨੂੰ ਵੀ ਕਾਫੀ ਚੰਗੀ ਤਰ੍ਹਾਂ ਖੇਡਦੇ ਹਨ।' ਪਿ੍ਥਵੀ ਵਿਜੇ ਹਜ਼ਾਰੇ ਟਰਾਫੀ ਵਨਡੇ ਟੂਰਨਾਮੈਂਟ 'ਚ ਮੁੰਬਈ ਦੀ ਚੈਂਪੀਅਨ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਈਪੀਐੱਲ 'ਚ ਉਤਰਨਗੇ। ਉਹ ਵਿਜੇ ਹਜ਼ਾਰੇ ਟਰਾਫੀ 'ਚ ਚਾਰ ਸੈਂਕੜਿਆਂ ਦੀ ਮਦਦ ਨਾਲ ਚੋਟੀ ਦੇ ਸਕੋਰਰ ਹਨ।

ਲਾਈਵ ਸ਼ੋਅ 'ਚ ਹੋਵੇਗੀ ਰਾਜਸਥਾਨ ਰਾਇਲਜ਼ ਦੀ ਜਰਸੀ ਦੀ ਘੁੰਢ ਚੁਕਾਈ

ਜੈਪੁਰ (ਪੀਟੀਆਈ) : ਰਾਜਸਥਾਨ ਰਾਇਲਜ਼ ਨੇ ਆਈਪੀਐੱਲ ਦੇ ਨਵੇਂ ਸੈਸ਼ਨ ਲਈ ਆਪਣੀ ਜਰਸੀ ਦੀ ਘੁੰਢ ਚੁਕਾਈ ਸਟੇਡੀਅਮ 'ਚ ਲਾਈਵ ਸ਼ੋਅ ਜਰੀਏ ਕੀਤੀ। ਸਵਾਏ ਮਾਨ ਸਿੰਘ ਸਟੇਡੀਅਮ 'ਚ ਥ੍ਰੀਡੀ ਪ੍ਰਰੋਜੈਕਸ਼ਨ ਤੇ ਲਾਈਟ ਸ਼ੋਅ ਵਿਚਾਲੇ ਰਾਇਲਜ਼ ਦੀ ਜਰਸੀ ਦੀ ਘੁੰਢ ਚੁਕਾਈ ਹੋਈ। ਇਸ ਦਾ ਸਿੱਧਾ ਪ੍ਰਸਾਰਣ ਸਟੇਡੀਅਮ ਤੋਂ ਦੁਨੀਆ ਭਰ ਦੇ ਦਰਸ਼ਕਾਂ ਤੇ ਮੁੰਬਈ 'ਚ ਬਾਇਓ ਬਬਲ 'ਚ ਰਹਿ ਰਹੇ ਰਾਇਲਜ਼ ਦੇ ਖਿਡਾਰੀਆਂ ਲਈ ਕੀਤਾ ਗਿਆ। ਟੀਮ ਨੇ ਕਿਹਾ ਕਿ ਇਹ ਸ਼ੋਅ ਉਨ੍ਹਾਂ ਸਾਰੀਆਂ ਗੱਲਾਂ ਦਾ ਜਸ਼ਨ ਸੀ ਜੋ ਰਾਜਸਥਾਨ ਦੇ ਪ੍ਰਸ਼ੰਸਕਾਂ ਦੇ ਦਿਲ ਦੇ ਨੇੜੇ ਹੈ ਭਾਵ ਸਟੇਡੀਅਮ, ਜੈਪੁਰ, ਰਾਜਸਥਾਨੀ ਸੱਭਿਆਚਾਰ ਆਦਿ। ਆਈਪੀਐੱਲ ਦੇ ਸਭ ਤੋਂ ਮਹਿੰਗੇ ਖਿਡਾਰੀ ਦੱਖਣੀ ਅਫਰੀਕੇ ਦੇ ਕ੍ਰਿਸ ਮੌਰਿਸ ਨੇ ਕਿਹਾ ਕਿ 2015 ਤੋਂ ਹੁਣ ਤਕ ਜਰਸੀ 'ਚ ਕਾਫੀ ਬਦਲਾਅ ਆਏ ਹਨ। ਇਹ ਬੇਹੱਦ ਖ਼ੂਬਸੂਰਤ ਜਰਸੀ ਹੈ।

ਵਾਨਖੇੜੇ ਸਟੇਡੀਅਮ ਦੇ ਗਰਾਊਂਡ ਸਟਾਫ ਦੀ ਕੋਰੋਨਾ ਰਿਪੋਰਟ ਨੈਗੇਟਿਵ

ਨਵੀਂ ਦਿੱਲੀ (ਆਈਏਐੱਨਐੱਸ) : ਮਹਾਰਾਸ਼ਟਰ 'ਚ ਜਾਰੀ ਕੋਰੋਨਾ ਦੇ ਕਹਿਰ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ 15 ਮੈਦਾਨ ਕਰਮਚਾਰੀਆਂ (ਗਰਾਊਂਡ ਸਟਾਫ) ਦੀ ਕੋਰੋਨਾ ਵਾਇਰਸ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਮਹਾਰਾਸ਼ਟਰ ਕ੍ਰਿਕਟ ਸੰਘ (ਐੱਮਸੀਏ) ਦੇ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਵਾਨਖੇੜੇ ਸਟੇਡੀਅਮ 'ਚ ਬਾਇਓ-ਬਬਲ 'ਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਪਿਛਲੇ ਹਫ਼ਤੇ ਪਾਜ਼ੇਟਿਵ ਆਏ ਦੋ ਮੈਂਬਰ ਘਰ 'ਚ ਕੁਆਰੰਟਾਈਨ ਹੋ ਗਏ ਸਨ। ਪ੍ਰਰੈਕਟਿਸ ਸੈਸ਼ਨ ਬਾਂਦਰਾ ਦੇ ਬੀਕੇਸੀ ਤੇ ਕਾਂਦੀਵਲੀ ਦੇ ਐੱਮਸੀਏ ਸਟੇਡੀਅਮ 'ਚ ਹੋ ਰਿਹਾ ਹੈ ਪਰ ਆਈਪੀਐੱਲ ਦੇ ਮੁਕਾਬਲੇ ਵਾਨਖੇੜੇ ਸਟੇਡੀਅਮ 'ਚ ਹੋਣਗੇ।