ਨਵੀਂ ਦਿੱਲੀ (ਜੇਐੱਨਐੱਨ) : ਯੂਨੀਵਰਸ ਬਾਸ ਦੇ ਨਾਂ ਨਾਲ ਮਸ਼ਹੂਰ ਕ੍ਰਿਸ ਗੇਲ ਨੇ ਜਦ ਸਾਲ 1999 ਵਿਚ ਆਪਣੇ ਵਨ ਡੇ ਕਰੀਅਰ ਦਾ ਆਗਾਜ਼ ਕੀਤਾ ਸੀ ਤਦ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਖੱਬੇ ਹੱਥ ਦਾ ਬੱਲੇਬਾਜ਼ ਅੰਤਰਰਾਸ਼ਟਰੀ ਕ੍ਰਿਕਟ 'ਚ ਇੰਨਾ ਹਰਮਨਪਿਆਰਾ ਹੋਵੇਗਾ। ਬੁੱਧਵਾਰ ਨੂੰ ਭਾਰਤ ਖ਼ਿਲਾਫ਼ ਸ਼ਾਨਦਾਰ ਪਾਰੀ ਖੇਡਦਿਆਂ ਕ੍ਰਿਸ ਗੇਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

ਇਹ ਇਤਫ਼ਾਕ ਹੀ ਹੈ ਕਿ ਗੇਲ ਨੇ ਆਪਣੇ ਵਨ ਡੇ ਕਰੀਅਰ ਦੀ ਸ਼ੁਰੂਆਤ ਵੀ ਭਾਰਤ ਖ਼ਿਲਾਫ਼ ਟੋਰਾਂਟੋ ਵਿਚ ਕੀਤੀ ਸੀ ਜਿੱਥੇ ਉਹ ਰਾਬਿਨ ਸਿੰਘ ਵੱਲੋਂ ਇਕ ਦੌੜ 'ਤੇ ਆਊਟ ਹੋ ਗਏ ਸਨ ਤੇ ਹੁਣ ਗੇਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਆਖ਼ਰੀ ਪਾਰੀ ਵੀ ਭਾਰਤ ਖ਼ਿਲਾਫ਼ ਪੋਰਟ ਆਫ ਸਪੇਨ ਵਿਚ ਤਿ੍ਨੀਦਾਦ ਦੇ ਕਵੀਨਜ਼ ਪਾਰਕ ਦੇ ਮੈਦਾਨ 'ਤੇ ਖੇਡੀ। ਕੈਰੇਬੀਆਈ ਬੱਲੇਬਾਜ਼ ਗੇਲ ਨੇ ਆਪਣੇ ਵਿਦਾਈ ਮੈਚ ਵਿਚ 41 ਗੇਂਦਾਂ ਵਿਚ ਧਮਾਕੇਦਾਰ 72 ਦੌੜਾਂ ਦੀ ਪਾਰੀ ਖੇਡੀ।

ਇਸ ਦੌਰਾਨ ਉਨ੍ਹਾਂ ਨੇ ਅੱਠ ਚੌਕੇ ਤੇ ਪੰਜ ਛੱਕੇ ਵੀ ਲਾਏ। ਗੇਲ ਨੇ ਵਨ ਡੇ ਵਿਸ਼ਵ ਕੱਪ ਦੌਰਾਨ ਕਿਹਾ ਸੀ ਕਿ ਭਾਰਤ ਖ਼ਿਲਾਫ਼ ਸੀਰੀਜ਼ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਆਖ਼ਰੀ ਸੀਰੀਜ਼ ਹੋਵੇਗੀ ਪਰ ਉਹ ਪੂਰੀ ਦੁਨੀਆ 'ਚ ਟੀ-20 ਲੀਗਾਂ ਵਿਚ ਖੇਡਣਾ ਜਾਰੀ ਰੱਖਣਗੇ। ਗੇਲ ਭਾਰਤ ਖ਼ਿਲਾਫ਼ ਸੀਰੀਜ਼ ਦੇ ਦੂਜੇ ਮੈਚ ਵਿਚ 300 ਵਨ ਡੇ ਖੇਡ ਕੇ ਆਪਣੇ ਦੇਸ਼ ਲਈ ਸਭ ਤੋਂ ਜ਼ਿਆਦਾ ਵਨ ਡੇ ਖੇਡਣ ਵਾਲੇ ਕ੍ਰਿਕਟਰ ਬਣੇ ਸਨ। ਇਸ ਨਾਲ ਹੀ ਉਹ ਹਮਵਤਨ ਬ੍ਰਾਇਨ ਲਾਰਾ (10348 ਦੌੜਾਂ) ਨੂੰ ਪਿੱਛੇ ਛੱਡਦੇ ਹੋਏ ਆਪਣੇ ਦੇਸ਼ ਲਈ ਵਨ ਡੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ। ਗੇਲ ਜਦ ਆਊਟ ਹੋਏ ਤਾਂ ਭਾਰਤੀ ਟੀਮ ਦੇ ਕਪਤਾਨ ਕੋਹਲੀ ਨੇ ਆਪਣੇ ਦੋਸਤ ਗੇਲ ਨੂੰ ਉਨ੍ਹਾਂ ਦੇ ਅੰਦਾਜ਼ ਵਿਚ ਗਲੇ ਮਿਲ ਕੇ ਵਿਦਾਈ ਦਿੱਤੀ। ਕੋਹਲੀ ਤੋਂ ਇਲਾਵਾ ਭਾਰਤੀ ਟੀਮ ਦੇ ਹੋਰ ਖਿਡਾਰੀਆਂ ਨੇ ਵੀ ਤਾੜੀਆਂ ਵਜਾ ਇਸ ਦਿੱਗਜ ਖਿਡਾਰੀ ਨੂੰ ਮੈਦਾਨ 'ਚੋਂ ਬਾਹਰ ਭੇਜਿਆ ਜਦਕਿ ਸਟੇਡੀਅਮ ਵਿਚ ਮੌਜੂਦ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਸ਼ਾਨਦਾਰ ਵਿਦਾਈ ਦਿੱਤੀ।

ਗੇਲ ਦਾ ਵਨ ਡੇ ਕਰੀਅਰ :

ਗੇਲ ਨੇ ਆਪਣੇ ਵਨ ਡੇ ਕਰੀਅਰ ਵਿਚ 301 ਮੈਚ ਖੇਡੇ ਜਿਨ੍ਹਾਂ ਵਿਚ ਉਨ੍ਹਾਂ ਨੇ 17 ਵਾਰ ਅਜੇਤੂ ਰਹਿੰਦੇ ਹੋਏ 10480 ਦੌੜਾਂ ਬਣਾਈਆਂ। ਉਨ੍ਹਾਂ ਦਾ ਸਰਬੋਤਮ ਸਕੋਰ 215 ਰਿਹਾ। ਉਨ੍ਹਾਂ ਦੇ ਨਾਂ 25 ਸੈਂਕੜੇ ਤੇ 54 ਅਰਧ ਸੈਂਕੜੇ ਹਨ। ਉਨ੍ਹਾਂ ਨੇ 1128 ਚੌਕੇ ਤੇ 331 ਛੱਕੇ ਕਰੀਅਰ 'ਚ ਲਾਏ। 124 ਕੈਚ ਫੜੇ। ਗੇਂਦਬਾਜ਼ੀ ਵਿਚ ਉਨ੍ਹਾਂ ਨੇ 167 ਵਿਕਟਾਂ ਲਈਆਂ ਜਿਸ ਵਿਚ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ 46 ਦੌੜਾਂ ਦੇ ਕੇ ਪੰਜ ਵਿਕਟਾਂ ਹੈ।