ਨਵੀਂ ਦਿੱਲੀ: ਵੈਸਟਇੰਡੀਜ਼ ਦੇ ਖ਼ਤਰਨਾਕ ਸਲਾਮੀ ਬੱਲੇਬਾਜ਼ ਕ੍ਰਿਕਸ ਗੇਲ ਨੇ ਆਪਣੀ ਟੀਮ ਲਈ ਇਕ ਹੀ ਦਿਨ 'ਚ ਦੋ ਇਤਿਹਾਸ ਰਚ ਦਿੱਤੇ। ਭਾਰਤ ਖ਼ਿਲਾਫ਼ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਸਰੇ ਮੈਚ 'ਚ ਕ੍ਰਿਸ ਗੇਲ ਨੇ ਇਹ ਕਮਾਲ ਕੀਤਾ। ਇਸ ਮੁਕਾਬਲੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।

ਇਸ ਮੈਚ 'ਚ ਫੀਲਡਿੰਗ ਦੌਰਾਨ ਮੈਦਾਨ 'ਤੇ ਕਦਮ ਰੱਖਦੇ ਹੀ ਕ੍ਰਿਸ ਗੇਲ ਵੈਸਟਇੰਡੀਜ਼ ਦੇ ਸਭ ਤੋਂ ਜ਼ਿਆਦਾ ਵਨਡੇਅ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ। ਇਸ ਮਾਮਲੇ 'ਚ ਕ੍ਰਿਸ ਗੇਲ ਨੇ ਬ੍ਰਾਇਨ ਲਾਰਾ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਵੈਸਟਇੰਡੀਜ਼ ਦੀ ਟੀਮ ਲਈ 299 ਵਨਡੇਅ ਇੰਟਰਨੈਸ਼ਨਲ ਮੈਚ ਖੇਡੇ ਸਨ। ਇਸ਼ ਤੋਂ ਇਲਾਵਾ ਕ੍ਰਿਸ ਗੇਲ ਨੇ ਬ੍ਰਾਇਨ ਲਾਰਾ ਦਾ ਹੀ ਇਕ ਹੋਰ ਵੱਡਾ ਰਿਕਾਰਡ ਤੋੜ ਕੇ ਵੈਸਟਇੰਡੀਜ਼ ਟੀਮ ਲਈ ਇਤਿਹਾਸ ਰਚ ਦਿੱਤਾ।

ਦਰਅਸਲ ਕ੍ਰਿਸ ਗੇਲ ਨੇ ਟੀਮ ਇੰਡੀਆ ਖ਼ਿਲਾਫ਼ ਆਪਣੀ ਇਸ ਪਾਰੀ 'ਚ 7ਵੀਂ ਦੌੜ ਬਣਾਉਂਦੇ ਹੀ ਬ੍ਰਾਇਨ ਲਾਰਾ ਦੇ ਉਸ ਰਿਕਾਰਡ ਨੂੰ ਵੀ ਤੋੜ ਦਿੱਤਾ, ਜੋ ਬ੍ਰਾਇਨ ਲਾਰਾ ਨੇ ਬਤੌਰ ਬੱਲੇਬਾਜ਼ ਵੈਸਟਇੰਡੀਜ਼ ਟੀਮ ਲਈ ਬਣਾਇਆ ਸੀ। ਜੀ ਹਾਂ, ਕ੍ਰਿਸ ਗੇਲ ਹੁਣ ਵੈਸਟਇੰਡੀਜ਼ ਟੀਮ ਵੱਲੋਂ ਵਨਡੇਅ ਇੰਟਰਨੈਸ਼ਨਲ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਭਾਰਤ ਖ਼ਿਲਾਫ਼ ਮੈਚ 'ਚ 7ਵੀਂ ਦੌੜ ਬਣਾਉਂਦੇ ਹੀ ਕ੍ਰਿਸ ਗੇਲ ਦੇ ਵਨਡੇਅ 'ਚ ਦੌੜਾਂ ਦੀ ਗਿਣਤੀ 10353 ਦੌੜਾਂ 'ਤੇ ਪਹੁੰਚ ਗਈ ਹੈ।

ਬ੍ਰਾਇਨ ਲਾਰਾ ਨੇ ਵੈਸਟਇੰਡੀਜ਼ ਲਈ ਵਨਡੇਅ ਇੰਟਰਨੈਸ਼ਨਲ ਕ੍ਰਿਕਟ 'ਚ 295 ਮੈਚਾਂ 'ਚ 10348 ਦੌੜਾਂ ਬਣਾਈਆਂ ਸਨ। ਬ੍ਰਾਈਨ ਲਾਰਾ ਕੈਰੇਬੀਆਈ ਟੀਮ ਲਈ ਸਭ ਤੋਂ ਪਹਿਲਾ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣੇ ਸਨ, ਪਰ ਆਪਣੇ ਕਰੀਅਰ ਦੇ ਆਖ਼ੀਰ 'ਚ ਕ੍ਰਿਸ ਗੇਲ ਨੇ ਇਸ ਰਿਕਾਰਡ ਨੂੰ ਤੋੜ ਦਿੱਤਾ।

Posted By: Akash Deep