ਨਵੀਂ ਦਿੱਲੀ (ਪੀਟੀਆਈ) : ਸਾਬਕਾ ਭਾਰਤੀ ਕ੍ਰਿਕਟਰ ਤੇ ਉੱਤਰ ਪ੍ਰਦੇਸ਼ ਕੈਬਿਨਟ ਮੰਤਰੀ ਚੇਤਨ ਚੌਹਾਨ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਚੌਹਾਨ ਦੇ ਇਸ ਖ਼ਤਰਨਾਕ ਇਨਫੈਕਸ਼ਨ ਲਈ ਪਾਜ਼ੇਟਿਵ ਪਾਏ ਜਾਣ ਦੀ ਜਾਣਕਾਰੀ ਸ਼ਨਿਚਰਵਾਰ ਦੇਰ ਰਾਤ ਮਿਲੀ ਜਦ ਸਾਬਕਾ ਭਾਰਤੀ ਕ੍ਰਿਕਟਰਾਂ ਆਕਾਸ਼ ਚੋਪੜਾ ਤੇ ਆਰਪੀ ਸਿੰਘ ਨੇ ਟਵੀਟ ਕਰ ਕੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਚੋਪੜਾ ਨੇ ਟਵੀਟ ਕੀਤਾ ਕਿ ਚੇਤਨ ਚੌਹਾਨ ਵੀ ਕੋਵਿਡ-19 ਲਈ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਆਰਪੀ ਸਿੰਘ ਨੇ ਲਿਖਿਆ ਕਿ ਹੁਣੇ ਸੁਣਿਆ ਕਿ ਚੇਤਨ ਚੌਹਾਨ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਹਨ। ਪ੍ਰਮਾਤਮਾ ਕਰੇ ਉਹ ਜਲਦ ਹੀ ਠੀਕ ਹੋ ਜਾਣ। ਚੌਹਾਨ ਦੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ ਸੀ ਤੇ 72 ਸਾਲ ਦੇ ਇਸ ਸਾਬਕਾ ਕ੍ਰਿਕਟਰ ਨੂੰ ਕਥਿਤ ਤੌਰ 'ਤੇ ਲਖਨਊ ਦੇ ਸੰਜੇ ਗਾਂਧੀ ਪੀਜੀਆਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਚੌਹਾਨ ਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਕੋਵਿਡ-19 ਟੈਸਟ ਹੋਵੇਗਾ ਤੇ ਫਿਲਹਾਲ ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਉੱਤਰ ਪ੍ਰਦੇਸ਼ ਮੰਤਰੀ ਮੰਡਲ ਵਿਚ ਚੌਹਾਨ ਦੇ ਕੋਲ ਫ਼ੌਜੀ ਕਲਿਆਣ, ਹੋਮਗਾਰਡ, ਪੀਆਰਡੀ ਤੇ ਨਾਗਰਿਕ ਸੁਰੱਖਿਆ ਮੰਤਰਾਲੇ ਹਨ। ਚੌਹਾਨ ਨੇ ਭਾਰਤ ਵੱਲੋਂ 1969 ਤੋਂ 1978 ਵਿਚਾਲੇ 40 ਟੈਸਟ ਵਿਚ 2084 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 31.57, ਜਦਕਿ ਸਰਬੋਤਮ ਸਕੋਰ 97 ਦੌੜਾਂ ਰਿਹਾ। ਉਨ੍ਹਾਂ ਨੇ ਸੱਤ ਵਨ ਡੇ ਮੈਚਾਂ ਵਿਚ 153 ਦੌੜਾਂ ਵੀ ਬਣਾਈਆਂ।