ਮੁੰਬਈ (ਪੀਟੀਆਈ) : ਪਿਛਲੇ ਕੁਝ ਮੈਚਾਂ ਵਿਚ ਕੋਈ ਧਮਾਕਾ ਨਾ ਕਰ ਸਕਣ ਵਾਲੇ ਜੋਸ ਬਟਲਰ ਸ਼ੁੱਕਰਵਾਰ ਨੂੰ ਇੱਥੇ ਆਈਪੀਐੱਲ ਮੈਚ ਵਿਚ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਦੇ ਘੱਟ ਤਜਰਬੇਕਾਰ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋਣਗੇ ਤੇ ਰਾਜਸਥਾਨ ਰਾਇਲਜ਼ ਦੀਆਂ ਉਮੀਦਾਂ ਵੀ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਪਲੇਆਫ ਵਿਚ ਥਾਂ ਬਣਾਉਣ 'ਤੇ ਲੱਗੀਆਂ ਹੋਣਗੀਆਂ।

ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਇਕ ਹੋਰ ਜਿੱਤ ਨਾਲ 18 ਅੰਕਾਂ 'ਤੇ ਪੁੱਜ ਜਾਵੇਗੀ ਜਿਸ ਨਾਲ ਸਿਖਰਲੇ ਚਾਰ ਸਥਾਨਾਂ ਲਈ ਉਨ੍ਹਾਂ ਨੂੰ ਸਾਰੀਆਂ ਗਿਣਤੀਆਂ ਤੇ ਸੰਭਾਵਨਾਵਾਂ ਨੂੰ ਸਪੱਸ਼ਟ ਕਰਨ ਵਿਚ ਮਦਦ ਮਿਲੇਗੀ। ਇਕ ਜਿੱਤ ਰਾਜਸਥਾਨ ਲਈ ਸਿਖਰਲੇ ਦੋ ਵਿਚ ਥਾਂ ਵੀ ਯਕੀਨੀ ਬਣਾ ਸਕਦੀ ਹੈ ਕਿਉਂਕਿ ਲਖਨਊ ਸੁਪਰ ਜਾਇੰਟਸ (+0.251) ਦੀ ਤੁਲਨਾ ਵਿਚ ਰਾਜਸਥਾਨ (+0.304) ਦਾ ਨੈੱਟ ਰਨ ਰੇਟ ਕਾਫੀ ਬਿਹਤਰ ਹੈ। ਨਾਲ ਹੀ ਰਾਜਸਥਾਨ ਦੀ ਟੀਮ ਸੀਐੱਸਕੇ ਦੇ ਖ਼ਰਾਬ ਪ੍ਰਦਰਸ਼ਨ ਦਾ ਵੀ ਫ਼ਾਇਦਾ ਉਠਾਉਣਾ ਚਾਹੇਗੀ ਕਿਉਂਕਿ ਆਖ਼ਰੀ ਮੈਚ ਵਿਚ ਉਹ ਉਨ੍ਹਾਂ ਦੀ ਖੇਡ ਵਿਗਾੜ ਵੀ ਸਕਦੀ ਹੈ। ਇਸ ਤੋਂ ਬਚਣ ਲਈ ਬਟਲਰ ਨੂੰ ਬੱਲੇ ਨਾਲ ਦਮਦਾਰ ਪ੍ਰਦਰਸ਼ਨ ਦੁਹਰਾਉਂਦੇ ਹੋਏ ਯੋਗਦਾਨ ਦੇਣਾ ਪਵੇਗਾ ਕਿਉਂਕਿ ਉਹ ਪਿਛਲੇ ਚਾਰ ਮੈਚਾਂ ਵਿਚ 22, 30, 07 ਤੇ 02 ਦੌੜਾਂ ਦੀਆਂ ਪਾਰੀਆਂ ਹੀ ਖੇਡ ਸਕੇ ਹਨ ਜਦਕਿ ਉਹ ਬੱਲੇਬਾਜ਼ਾਂ ਦੀ ਸੂਚੀ ਵਿਚ 627 ਦੌੜਾਂ ਬਣਾ ਕੇ ਇਸ ਸਮੇਂ ਸਿਖਰ 'ਤੇ ਚੱਲ ਰਹੇ ਹਨ।

ਰਾਜਸਥਾਨ ਦੀ ਟੂਰਨਾਮੈਂਟ ਵਿਚ ਕਾਮਯਾਬੀ ਦਾ ਜ਼ਿਆਦਾਤਰ ਮਾਣ ਬਟਲਰ ਵੱਲੋਂ ਦਿਵਾਈ ਗਈ ਸ਼ਾਨਦਾਰ ਸ਼ੁਰੂਆਤ ਤੇ ਯੁਜਵਿੰਦਰ ਸਿੰਘ ਚਹਿਲ ਦੀਆਂ 24 ਵਿਕਟਾਂ ਨੂੰ ਹੀ ਦਿੱਤਾ ਜਾਵੇਗਾ। ਬਟਲਰ ਤਿੰਨ ਸੈਂਕੜੇ ਤੇ ਇੰਨੇ ਹੀ ਅਰਧ ਸੈਂਕੜੇ ਲਾ ਚੁੱਕੇ ਹਨ। ਉਨ੍ਹਾਂ ਨੇ ਆਪਣੀਆਂ ਜ਼ਿਆਦਾਤਰ ਦੌੜਾਂ ਟੂਰਨਾਮੈਂਟ ਦੇ ਸ਼ੁਰੂਆਤੀ ਅੱਧ ਵਿਚ ਬਣਾਈਆਂ। ਚਹਿਲ ਨੇ ਗੇਂਦਬਾਜ਼ੀ ਵਿਚ ਆਪਣੀ ਲੈਅ ਕਾਇਮ ਰੱਖੀ ਹੈ ਪਰ ਬਟਲਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਲੈਅ ਵਿਚ ਥੋੜ੍ਹੀ ਗਿਰਾਵਟ ਆਈ ਹੈ ਪਰ ਪਲੇਆਫ ਤੋਂ ਪਹਿਲਾਂ ਆਖ਼ਰੀ ਲੀਗ ਮੈਚ ਉਨ੍ਹਾਂ ਲਈ ਵਾਪਸੀ ਕਰਨ ਦਾ ਆਦਰਸ਼ ਸਮਾਂ ਹੋਵੇਗਾ।

ਰਾਜਸਥਾਨ ਦੇ ਗੇਂਦਬਾਜ਼ੀ ਹਮਲੇ ਨੂੰ ਟੂਰਨਾਮੈਂਟ ਦੇ ਸਰਬੋਤਮ ਵਿਚੋਂ ਇਕ ਕਿਹਾ ਜਾ ਸਕਦਾ ਹੈ ਜਿਸ ਵਿਚ ਚਹਿਲ (24 ਵਿਕਟਾਂ) ਤੇ ਰਵੀਚੰਦਰਨ ਅਸ਼ਵਿਨ (10 ਵਿਕਟਾਂ) ਦੀ ਸਪਿੰਨ ਜੋੜੀ ਨੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ। ਪ੍ਰਸਿੱਧ ਕ੍ਰਿਸ਼ਨਾ (15 ਵਿਕਟਾਂ) ਨੇ ਵੀ ਜ਼ਿਆਦਾਤਰ ਦਿਨ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ ਤੇ ਟ੍ਰੇਂਟ ਬੋਲਟ (12 ਵਿਕਟਾਂ) ਦੀਆਂ ਗੇਂਦਾਂ ਨੂੰ ਖੇਡਣਾ ਵੀ ਕਿਸੇ ਵੀ ਬੱਲੇਬਾਜ਼ ਲਈ ਮੁਸ਼ਕਲ ਹੁੰਦਾ ਹੈ।

ਸੀਐੱਸਕੇ ਦੇ ਜ਼ਿਆਦਾਰ ਸੀਨੀਅਰ ਖਿਡਾਰੀ ਜਿਵੇਂ ਮਹਿੰਦਰ ਸਿੰਘ ਧੋਨੀ (206), ਅੰਬਾਤੀ ਰਾਇਡੂ (271) ਤੇ ਰਾਬਿਨ ਉਥੱਪਾ (230) ਇਸ ਆਈਪੀਐੱਲ ਸੈਸ਼ਨ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਜੋ ਟੀਮ ਦੀ ਸਭ ਤੋਂ ਵੱਡੀ ਨਾਕਾਮੀ ਰਹੀ। ਸੀਐੱਸਕੇ ਦੀ ਗੇਂਦਬਾਜ਼ੀ ਵਿਚ ਮੁਕੇਸ਼ ਚੌਧਰੀ, ਸਿਮਰਜੀਤ ਸਿੰਘ ਤੇ ਬੇਬੀ ਮਲਿੰਗਾ ਦੇ ਨਾਂ ਨਾਲ ਮਸ਼ਹੂਰ ਮਾਥਿਸ਼ਾ ਪਾਥੀਰਾਨਾ ਆਖ਼ਰੀ ਮੁਕਾਬਲੇ ਵਿਚ ਆਪਣਾ ਦਮ ਦਿਖਾਉਣਾ ਚਾਹੁਣਗੇ ਪਰ ਟੂਰਨਾਮੈਂਟ ਦੇ ਜ਼ਿਆਦਾਰ ਮੈਚਾਂ ਵਿਚ ਖ਼ਰਾਬ ਬੱਲੇਬਾਜ਼ੀ ਕਾਰਨ ਟੀਮ ਦਾ ਮਨੋਬਲ ਡਿੱਗਿਆ ਹੋਇਆ ਹੈ। ਪਾਥੀਰਾਨਾ ਦਾ ਗੇਂਦਬਾਜ਼ੀ ਐਕਸ਼ਨ ਲਸਿਥ ਮਲਿੰਗਾ ਦੇ ਐਕਸ਼ਨ ਵਾਂਗ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਧੋਨੀ ਨੂੰ ਪ੍ਰਭਾਵਿਤ ਕੀਤਾ ਪਰ ਅਜੇ ਕੰਮ ਕੀਤਾ ਜਾਣਾ ਬਾਕੀ ਹੈ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ :

ਚੇਨਈ ਸੁਪਰ ਕਿੰਗਜ਼ :

ਮਹਿੰਦਰ ਸਿਘ ਧੋਨੀ (ਕਪਤਾਨ), ਰਵਿੰਦਰ ਜਡੇਜਾ, ਮੋਇਨ ਅਲੀ, ਰੁਤੂਰਾਜ ਗਾਇਕਵਾੜ, ਡਵੇਨ ਬਰਾਵੋ, ਦੀਪਕ ਚਾਹਰ, ਅੰਬਾਤੀ ਰਾਇਡੂ, ਰਾਬਿਨ ਉਥੱਪਾ, ਮਿਸ਼ੇਲ ਸੈਂਟਨਰ, ਕ੍ਰਿਸ ਜਾਰਡਨ, ਐਡਮ ਮਿਲਨੇ, ਡੇਵੋਨ ਕਾਨਵੇ, ਸ਼ਿਵਮ ਦੂਬੇ, ਡਵੇਨ ਪਿ੍ਰਟੋਰੀਅਸ, ਮਹੇਸ਼ ਤੀਕਸ਼ਣਾ, ਰਾਜਵਰਧਨ ਹੈਂਗਰਗੇਕਰ, ਤੁਸ਼ਾਰ ਦੇਸ਼ਪਾਂਡੇ, ਕੇਐੱਮ ਆਸਿਫ, ਸੀ ਹਰੀ ਨਿਸ਼ਾਂਤ, ਐਨ ਜਗਦੀਸ਼ਨ, ਸੁਭਰਾਂਸ਼ੂ ਸੇਨਾਪਤੀ, ਕੇ ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸਿਮਰਜੀਤ ਸਿੰਘ, ਮੁਕੇਸ਼ ਚੌਧਰੀ ਤੇ ਮਾਥੀਸ਼ਾ ਪਾਥੀਰਾਨਾ।

ਰਾਜਸਥਾਨ ਰਾਇਲਜ਼ :

ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜਾਇਸਵਾਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਸ਼ਿਮਰੋਨ ਹੇਟਮਾਇਰ, ਦੇਵਦੱਤ ਪਡੀਕਲ, ਪ੍ਰਸਿੱਧ ਕ੍ਰਿਸ਼ਨਾ, ਯੁਜਵਿੰਦਰ ਸਿੰਘ ਚਹਿਲ, ਰਿਆਨ ਪਰਾਗ, ਕੇਸੀ ਕਰੀਅੱਪਾ, ਨਵਦੀਪ ਸੈਣੀ, ਓਬੇਦ ਮੈਕਾਏ, ਅਨੁਨਯ ਸਿੰਘ, ਕੁਲਦੀਪ ਸੇਨ, ਕਰੁਣ ਨਾਇਰ, ਧਰੁਵ ਜੁਰੇਲ, ਤੇਜਸ ਬਰੋਕਾ, ਕੁਲਦੀਪ ਯਾਦਵ, ਸ਼ੁਭਮ ਗਰਹਵਾਲ, ਜੇਮਜ਼ ਨੀਸ਼ਾਮ, ਨਾਥਨ ਕੂਲਟਰ-ਨਾਈਲ, ਰਾਸੀ ਵੇਨ ਡੇਰ ਡੁਸੈਨ, ਡੇਰਿਲ ਮਿਸ਼ੇਲ ਤੇ ਕੋਰਬਿਨ ਬਾਸ਼।