ਚੰਡੀਗੜ੍ਹ (ਜੇਐੱਨਐੱਨ) : ਪੰਜਾਬ ਕ੍ਰਿਕਟ ਸੰਘ (ਪੀਸੀਏ) ਦੇ ਬਕਾਇਆ ਨਾ ਅਦਾ ਕਰਨ ਕਾਰਨ ਚੰਡੀਗੜ੍ਹ ਪੁਲਿਸ ਨੇ ਮੋਹਾਲੀ ਵਿਚ ਦੂਜਾ ਟੀ-20 ਖੇਡਣ ਆਈਆਂ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਨੂੰ ਵਾਧੂ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਦੇ ਡੀਐੱਸਪੀ (ਸੁਰੱਖਿਆ) ਉਮਰਾਓ ਸਿੰਘ ਨੇ ਕਿਹਾ ਕਿ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਤੇ ਸਹਾਇਤਾ ਲਈ ਕੰਮ ਕਰਦੀ ਹੈ। ਆਮ ਲੋਕਾਂ ਦੀ ਸੁਰੱਖਿਆ ਨੂੰ ਹਟਾ ਕੇ ਖਿਡਾਰੀਆਂ ਦੀ ਸੁਰੱਖਿਆ ਵਿਚ ਪੂਰਾ ਪੁਲਿਸ ਅਮਲਾ ਲਾਇਆ ਜਾਵੇ ਤਾਂ ਇਸਦੀ ਫੀਸ ਤਾਂ ਬਣਦੀ ਹੈ। ਕਰੋੜਾਂ ਦੀ ਕਮਾਈ ਕਰਨ ਵਾਲਾ ਪੀਸੀਏ ਬਕਾਇਆ ਨੌਂ ਕਰੋੜ ਦੇਣਾ ਹੀ ਨਹੀਂ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਚੰਡੀਗੜ੍ਹ ਪੁਲਿਸ ਨੇ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਵਾਧੂ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਹੈ। 2011-12 ਤੋਂ ਇਹ ਰਕਮ ਬਕਾਇਆ ਹੈ ਜਿਸ ਦੀ ਰਿਕਵਰੀ ਲਈ ਪ੍ਰਸ਼ਾਸਨ ਨੇ ਸਾਲ 2018 ਤੋਂ ਕੇਸ ਫਾਈਲ ਕੀਤਾ ਹੋਇਆ ਹੈ।