ਨਵੀਂ ਦਿੱਲੀ : ਆਈਪੀਐੱਲ 2019 ਦੇ ਫਾਈਨਲ 'ਚ ਅੱਜ ਮਹਾਮੁਕਾਬਲਾ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਹੈ। ਸਭ ਦੀਆਂ ਨਜ਼ਰਾਂ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾਣ ਵਾਲੇ ਇਸ ਜ਼ੋਰਦਾਰ ਮੁਕਾਬਲੇ 'ਤੇ ਰਹਿਣਗੀਆਂ। ਮੁੰਬਈ ਤੇ ਚੇਨਈ ਦੋਵੇਂ ਹੀ ਤਿੰਨ-ਤਿੰਨ ਵਾਰ ਚੈਂਪੀਅਨ ਰਹਿ ਚੁੱਕੀਆਂ ਹਨ ਤੇ ਦੋਵਾਂ ਦੀ ਨਜ਼ਰ ਚੌਥਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਨ 'ਤੇ ਹੋਵੇਗੀ। ਖ਼ਿਤਾਬ ਕੋਈ ਵੀ ਜਿੱਤੇ ਇਕ ਗੱਲ ਤਾਂ ਸਾਫ਼ ਹੈ ਕਿ ਚੈਂਪੀਅਨ 'ਤੇ ਕਰੋੜਾਂ ਦੀ ਬਾਰਿਸ਼ ਜ਼ਰੂਰ ਹੋਵੇਗੀ।

ਆਈਪੀਐੱਲ 2019 ਦੀ ਨਿਲਾਮੀ ਰਾਸ਼ੀ ਪਿਛਲੇ ਸਾਲ ਦੇ 50 ਕਰੋੜ ਦੇ ਮੁਕਾਬਲੇ 'ਚ 55 ਕਰੋੜ ਹੋ ਗਈ ਹੈ। ਆਓ ਇਕ ਨਜ਼ਰ ਮਾਰਦੇ ਹਾਂ ਕਿ ਆਈਪੀਐੱਲ 2019 'ਚ ਕਿਹੜੀ ਟੀਮ ਨੂੰ ਕਿੰਨੇ ਪੈਸੇ ਮਿਲਣਗੇ।

ਚੈਂਪੀਅਨ ਨੂੰ ਮਿਲਣਗੇ 20 ਕਰੋੜ ਰੁਪਏ

ਆਈਪੀਐੱਲ 2019 ਦਾ ਖ਼ਿਤਾਬ ਜਿੱਤਣ ਵਾਲੀ ਟੀਮ ਨੂੰ ਟਰਾਫੀ ਨਾਲ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ ਉੱਥੇ ਹੀ ਫਾਈਨਲ 'ਚ ਹਾਰਨ ਵਾਲੀ ਯਾਨੀ ਰਨਰ-ਅੱਪ ਟੀਮ ਨੂੰ ਇਨਾਮ 'ਚ 12.50 ਕਰੋੜ ਰੁਪਏ ਦਿੱਤੇ ਜਾਣਗੇ। ਪਲੇਆਫ਼ 'ਚ ਹਾਰ ਕੇ ਫਾਈਨਲ ਦੀ ਦੌੜ ਤੋਂ ਹਾਰਨ ਵਾਲੀ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਨੂੰ ਚੰਗਾ ਇਨਾਮ ਮਿਲੇਗਾ। ਤੀਸਰੇ ਸਥਾਨ 'ਤੇ ਰਹੀ ਦਿੱਲੀ ਕੈਪੀਟਲਜ਼ ਦੀ ਟੀਮ ਨੂੰ ਇਨਾਮ ਦੇ ਤੌਰ 'ਤੇ 10.50 ਕਰੋੜ ਰੁਪਏ ਜਦਕਿ ਚੌਥੇ ਸਥਾਨ 'ਤੇ ਰਹੀ ਸਨਰਾਈਜ਼ਰਜ਼ ਹੈਦਰਾਬਾਦ ਨੂੰ 8.50 ਕਰੋੜ ਰੁਪਏ ਮਿਲਣਗੇ।

ਪਰਪਲ ਕੈਪ ਤੇ ਆਰੇਂਜ ਕੈਪ ਨੂੰ ਵੀ ਮਿਲੇਗੀ ਇਨਾਮੀ ਰਾਸ਼ੀ

ਆਈਪੀਐੋੱਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਆਰੇਂਜ ਕੈਪ ਤੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਿਲ ਕਰਨ ਵਾਲੇ ਖਿਡਾਰੀ ਨੂੰ ਪਰਪਲ ਕੈਪ ਦਿੱਤੀ ਜਾਂਦੀ ਹੈ। ਆਈਪੀਐੱਲ 2019 'ਚ ਆਰੇਂਜ ਕੈਪ ਅਤੇ ਪਰਪਲ ਕੈਪ ਜਿੱਤਣ ਵਾਲੇ ਖਿਡਾਰੀਆਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ।

ਇਮਰਜਿੰਗ ਪਲੇਅਰ ਅਵਾਰਡ

ਇਹ ਅਵਾਰਡ ਉਸ ਯੁਵਾ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜਿਸ ਦਾ ਜਨਮ ਅਪ੍ਰੈਲ 1993 ਤੋਂ ਬਾਅਦ ਹੋਇਆ ਹੋਵੇ। ਜਿਸ ਨੇ 5 ਜਾਂ ਉਸ ਤੋਂ ਘੱਟ ਟੈਸਟ ਮੈਚ, 20 ਤੋਂ ਘੱਟ ਵਨਡੇਅ ਮੈਚ ਅਤੇ 25 ਤੋਂ ਘੱਟ ਆਈਪੀਐੱਲ ਮੈਚ ਖੇਡੇ ਹੋਣ। ਇਮਰਜਿੰਗ ਪਲੇਅਰ ਨੂੰ ਟਰਾਫੀ ਨਾਲ 10 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ। ਪਿਛਲੇ ਸਾਲ ਇਹ ਅਵਾਰਡ ਰਿਸ਼ਭ ਪੰਤ ਨੂੰ ਮਿਲਿਆ ਸੀ।

ਵਧਦੀ ਜਾ ਰਹੀ ਹੈ ਇਨਾਮੀ ਰਾਸ਼ੀ

ਆਈਪੀਐੱਲ 2008 ਵਿਜੇਤਾ ਰਾਸ਼ੀ-4.8 ਕਰੋੜ ਰੁਪਏ

ਆਈਪੀਐੱਲ 2015 ਵਿਜੇਤਾ ਰਾਸ਼ੀ-15 ਕਰੋੜ ਰੁਪਏ

ਆਈਪੀਐੱਲ 2018 ਵਿਜੇਤਾ ਰਾਸ਼ੀ- 20 ਕਰੋੜ ਰੁਪਏ

ਆਈਪੀਐੱਲ 2019 ਵਿਜੇਤਾ ਰਾਸ਼ੀ- 20 ਕਰੋੜ ਰੁਪਏ

Posted By: Akash Deep