ਕੋਲੰਬੋ (ਪੀਟੀਆਈ) : ਭਾਰਤੀ ਉੱਪ ਕਪਤਾਨ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਦੀਪਕ ਚਾਹਰ ਨੂੰ ਬੱਲੇਬਾਜ਼ੀ ਨੰਬਰ ਵਿਚ ਉੱਪਰ ਭੇਜਣਾ ਕੋਚ ਰਾਹੁਲ ਦ੍ਰਾਵਿੜ ਦਾ ਫ਼ੈਸਲਾ ਸੀ ਤੇ ਇੱਥੇ ਦੂਜੇ ਵਨ ਡੇ ਵਿਚ ਸ੍ਰੀਲੰਕਾ ਖ਼ਿਲਾਫ਼ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾ ਕੇ ਉਨ੍ਹਾਂ ਨੇ ਇਸ ਨੂੰ ਸਹੀ ਸਾਬਤ ਕੀਤਾ। ਭੁਵਨੇਸ਼ਵਰ ਨੇ ਕਿਹਾ ਕਿ ਸਾਡਾ ਟੀਚਾ ਆਖ਼ਰੀ ਓਵਰ, ਆਖ਼ਰੀ ਗੇਂਦ ਤਕ ਖੇਡਣਾ ਸੀ ਇਸ ਲਈ ਅਸੀਂ ਮੈਚ ਨੂੰ ਆਖ਼ਰ ਤਕ ਲਿਜਾਣਾ ਚਾਹੁੰਦੇ ਸੀ। ਇੱਕੋ ਇਕ ਯੋਜਨਾ ਅੰਤ ਤਕ ਖੇਡਣ ਦੀ ਸੀ ਤੇ ਦੀਪਕ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਉਹ ਸ਼ਾਨਦਾਰ ਸੀ। ਉਹ ਕੋਚ ਰਾਹੁਲ ਦ੍ਰਾਵਿੜ ਦੇ ਮਾਰਗਦਰਸ਼ਨ ਵਿਚ ਭਾਰਤ-ਏ ਵੱਲੋਂ ਜਾਂ ਕਿਸੇ ਹੋਰ ਸੀਰੀਜ਼ ਵਿਚ ਵੀ ਖੇਡ ਚੁੱਕੇ ਹਨ ਤੇ ਉਨ੍ਹਾਂ ਨੇ ਉਥੇ ਵੀ ਦੌੜਾਂ ਬਣਾਈਆਂ ਸਨ। ਇਸ ਲਈ ਦ੍ਰਾਵਿੜ ਨੂੰ ਪਤਾ ਸੀ ਕਿ ਉਹ ਬੱਲੇਬਾਜ਼ੀ ਕਰ ਸਕਦੇ ਹਨ ਇਸ ਲਈ ਇਹ ਦ੍ਰਾਵਿੜ ਦਾ ਫ਼ੈਸਲਾ ਸੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਬੱਲੇਬਾਜ਼ੀ ਕਰ ਸਕਦਾ ਹੈ। ਉਨ੍ਹਾਂ ਨੇ ਰਣਜੀ ਟਰਾਫੀ ਵਿਚ ਕਈ ਵਾਰ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ।