ਨਵੀਂ ਦਿੱਲੀ : ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਤੇ ਆਈਸੀਸੀ ਟੀ20 ਵਰਲਡ ਕੱਪ 2021 ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਏ ਕ੍ਰਿਕਟ ਮੈਚ 'ਚ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਇਕਪਾਸੜ ਜਿੱਤ ਹਾਸਲ ਕੀਤੀ। ਪਾਕਿਸਤਾਨ ਨੇ 17.5 ਓਵਰਾਂ ’ਚ ਬਿਨਾਂ ਕੋਈ ਵਿਕਟ ਗਵਾਏ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਪਾਕਸਿਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਹੈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 151 ਦੌੜਾਂ ਬਣਾ ਕੇ ਪਾਕਿਸਤਾਨ ਅੱਗੇ ਜਿੱਤਣ ਲਈ 152 ਦੌੜਾਂ ਦਾ ਟੀਚਾ ਰੱਖਿਆ।

ਬਾਬਰ ਅਤੇ ਰਿਜ਼ਵਾਨ ਦਾ ਅਰਧ ਸੈਂਕੜਾ

ਭਾਰਤ ਤੋਂ ਮਿਲੇ 152 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਵੱਲੋਂ ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਤੇਜ਼ ਸ਼ੁਰੂਆਤ ਕੀਤੀ। ਪਾਵਰ ਪਲੇਅ ਦੇ ਛੇ ਓਵਰਾਂ ’ਚ ਦੋਵਾਂ ਨੇ ਬਿਨਾਂ ਕੋਈ ਵਿਕਟ ਗਵਾਏ 43 ਦੌੜਾਂ ਬਣਾਈਆਂ। 10 ਓਵਰਾਂ ’ਚ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਨੇ ਪਾਕਿਸਤਾਨ ਦੇ ਸਕੋਰ ਨੂੰ 71 ਤਕ ਪਹੁੰਚਾਇਆ।

40 ਗੇਂਦਾਂ ’ਤੇ 4 ਚੌਕੇ ਅਤੇ 2 ਛਿੱਕਿਆਂ ਦੀ ਮਦਦ ਨਾਲ ਪਾਕਿਸਤਾਨ ਦੇ ਕਪਤਾਨ ਬਾਬਰ ਨੇ 50 ਦੌੜਾਂ ਪੂਰੀਆਂ ਕੀਤੀਆਂ। ਉੱਥੇ ਰਿਜ਼ਵਾਨ ਨੇ 41 ਗੇਂਦਾਂ ’ਤੇ 3 ਚੌਕਿਆਂ ਅਤੇ 2 ਛਿੱਕੇ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਕੋਹਲੀ ਨੇ ਲਾਇਆ ਸ਼ਾਨਦਾਰ ਅਰਧ ਸੈਂਕੜਾ

ਟੀਮ ਇੰਡੀਆ ਲਈ ਇਸ ਮਹਾ ਮੁਕਾਬਲੇ ’ਚ ਟਾਸ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਦੀ ਜੋੜੀ ਓਪਨਿੰਗ ਕਰਨ ਉੱਤਰੀ। ਸ਼ਾਹੀਨ ਅਫ਼ਰੀਦੀ ਨੇ ਰੋਹਿਤ ਸ਼ਰਮਾ ਨੂੰ ਪਹਿਲੇ ਓਵਰ ’ਚ ਹੀ ਆਊਟ ਕਰ ਦਿੱਤਾ। ਇਕ ਗੇਂਦ ਖੇਡ ਕੇ ਉਹ ਬਿਨਾਂ ਰਨ ਬਣਾਏ ਐੱਲਬੀਡਬਲਿਊ ਹੋ ਕੇ ਵਾਪਸ ਪਰਤੇ। ਇਸ ਤੋਂ ਬਾਅਦ ਆਪਣੇ ਅਗਲੇ ਓਵਰ ਦੀ ਪਹਿਲੀ ਗੇਂਦ ’ਤੇ ਸ਼ਾਹੀਨ ਨੇ ਕੇਐੱਲ ਰਾਹੁਲ ਨੂੰ 3 ਦੌੜਾਂ ’ਤੇ ਕਲੀਨ ਬੋਲਡ ਕਰ ਕੇ ਭਾਰਤ ਨੂੰ ਉਨ੍ਹਾਂ ਨੇ ਦੂਜਾ ਝਟਕਾ ਦਿੱਤਾ।

ਟੀਮ ਇੰਡੀਆ ਦਾ ਤੀਜਾ ਵਿਕਟ ਸੂਰਿਆ ਕੁਮਾਰ ਯਾਦਵ ਵਜੋਂ ਡਿੱਗਿਆ ਅਤੇ ਉਸ ਨੂੰ ਹਸਨ ਅਲੀ ਨੇ 11 ਦੌੜਾਂ ’ਤੇ ਮੁਹੰਮਦ ਰਿਜ਼ਵਾਲ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ।

ਕਪਤਾਨ ਵਿਰਾਟ ਕੋਹਲੀ ਨਾਲ ਮਿਲ ਕੇ ਪਾਰੀ ਨੂੰ ਸੰਭਾਲਦੇ ਹੋਏ ਰਿਸ਼ਭ ਪੰਤ ਨੇ 53 ਦੌੜਾਂ ਦੀ ਹਿੱਸੇਦਾਰੀ ਕੀਤੀ। 30 ਗੇਂਦਾਂ ’ਤੇ 39 ਦੌੜਾਂ ਬਣਾ ਕੇ ਸ਼ਾਦਾਬ ਖ਼ਾਨ ਦੀ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਪੰਤ ਆਊਟ ਹੋਏ। ਕਪਤਾਨ ਵਿਰਾਟ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਅਰਧ ਸੈਂਕੜਾ ਲਾਇਆ। 45 ਗੇਂਦਾਂ ’ਤੇ 4 ਚੌਕੇ ਅਤੇ ਇਕ ਛਿੱਕੇ ਦੀ ਮਦਦ ਨਾਲ ਉਸ ਨੇ ਆਪਣਾ ਪੰਜਾਹ ਰਨ ਪੂਰੇ ਕੀਤੇ। 59 ਗੇਂਦਾਂ ’ਤੇ 57 ਦੌੜਾਂ ਦੀ ਪਾਰੀ ਖੇਡ ਕੇ ਕੋਹਲੀ ਵੀ ਸ਼ਾਹੀਨ ਦੇ ਸ਼ਿਕਾਰ ਹੋਏ।

Posted By: Jagjit Singh