ਮੈਲਬੌਰਨ (ਪੀਟੀਆਈ) : ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਐਤਵਾਰ ਨੂੰ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਪੀੜਤਾਂ ਲਈ ਪੈਸਾ ਇਕੱਠਾ ਕਰਨ ਲਈ ਖੇਡੇ ਗਏ ਮੈਚ ਦੀਆਂ ਦੋਵਾਂ ਪਾਰੀਆਂ ਦੇ ਵਿਚਾਲੇ ਇਕ ਓਵਰ ਬੱਲੇਬਾਜ਼ੀ ਕੀਤੀ। ਤੇਂਦੁਲਕਰ ਨੂੰ ਆਸਟ੍ਰੇਲੀਆ ਦੀ ਮਹਿਲਾ ਟੀਮ ਦੀ ਸੁਪਰ ਸਟਾਰ ਹਰਫ਼ਨਮੌਲਾ ਐਲਿਸੇ ਪੈਰੀ ਨੇ ਇਹ ਚੁਣੌਤੀ ਦਿੱਤੀ ਸੀ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ ਤੇ ਨਵੰਬਰ 2013 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਇਹ ਮਹਾਨ ਬੱਲੇਬਾਜ਼ ਇਕ ਵਾਰ ਮੁੜ ਮੈਦਾਨ 'ਤੇ ਉਤਰੇ। ਕ੍ਰਿਕਟ ਦੇ ਇਸ ਭਗਵਾਨ ਨੂੰ ਹਾਲਾਂਕਿ ਇਕ ਵਾਰ ਮੁੜ ਹੱਥ ਵਿਚ ਬੱਲਾ ਫੜੀ ਦੇਖਣਾ ਪ੍ਰਸ਼ੰਸਕਾਂ ਲਈ ਚੰਗਾ ਤਜਰਬਾ ਰਿਹਾ। ਮੈਦਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਇਹ ਪੰਜ ਮਿੰਟ ਸ਼ਾਇਦ ਅੰਤਰਰਾਸ਼ਟਰੀ ਕ੍ਰਿਕਟ ਵਿਚ ਲਾਏ ਗਏ ਉਨ੍ਹਾਂ ਦੇ 100 ਸੈਂਕੜਿਆਂ ਤੋਂ ਜ਼ਿਆਦਾ ਮਾਅਨੇ ਰੱਖਦੇ ਹਨ ਕਿਉਂਕਿ ਇਸ ਦੀ ਸਾਰੀ ਰਕਮ ਚੈਰਿਟੀ ਲਈ ਜਾਵੇਗੀ। ਮੋਢੇ 'ਚ ਸੱਟ ਕਾਰਨ ਡਾਕਟਰਾਂ ਨੇ ਤੇਂਦੁਲਕਰ ਨੂੰ ਖੇਡ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਪਰ ਫਿਰ ਵੀ ਉਨ੍ਹਾਂ ਨੇ ਇੱਥੇ ਬੱਲੇਬਾਜ਼ੀ ਕੀਤੀ।

'ਤੇਂਦੁਲਕਰ ਖ਼ਿਲਾਫ਼ ਗੇਂਦਬਾਜ਼ੀ ਕਰਨਾ ਤੇ ਬ੍ਰਾਇਨ ਲਾਰਾ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਸ਼ਾਨਦਾਰ ਤਜਰਬਾ ਰਿਹਾ।'

-ਐਲਿਸੇ ਪੈਰੀ, ਆਸਟ੍ਰੇਲੀਆਈ ਮਹਿਲਾ ਕ੍ਰਿਕਟਰ

36 ਕਰੋੜ ਤੋਂ ਜ਼ਿਆਦਾ ਦੀ ਰਕਮ ਅੱਗ ਪੀੜਤਾਂ ਲਈ ਕੀਤੀ ਇਕੱਠੀ

ਮੈਲਬੌਰਨ (ਏਐੱਫਪੀ) : ਮਹਾਨ ਕ੍ਰਿਕਟਰਾਂ ਨੇ ਮਿਲ ਕੇ ਐਤਵਾਰ ਨੂੰ ਕਰਵਾਏ ਚੈਰਿਟੀ ਮੈਚ ਰਾਹੀਂ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਪੀੜਤਾਂ ਲਈ ਪੈਸਾ ਇਕੱਠਾ ਕਰਨ ਵਿਚ ਮਦਦ ਕੀਤੀ ਤੇ ਇਸ ਮੁਕਾਬਲੇ ਵਿਚ ਬਰਾਇਨ ਲਾਰਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 30 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸਾਬਕਾ ਕ੍ਰਿਕਟਰਾਂ ਨੇ ਇਸ ਮੈਚ ਰਾਹੀਂ 36 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਇਕੱਠੀ ਕੀਤੀ। ਵੈਸਟਇੰਡੀਜ਼ ਦੇ ਇਸ ਮਹਾਨ ਖਿਡਾਰੀ ਨੇ ਮੈਲਬੌਰਨ ਜੰਕਸ਼ਨ ਓਵਲ ਵਿਚ ਕਵਰ ਡਰਾਈਵ ਤੇ ਸਟ੍ਰੇਟ ਡਰਾਈਵ ਨਾਲ ਦਰਸ਼ਕਾਂ ਦਾ ਬਹੁਤ ਮਨੋਰੰਜਨ ਕੀਤਾ ਤੇ ਦੋ ਛੱਕੇ ਲਾਏ। ਉਨ੍ਹਾਂ ਦੇ ਕਪਤਾਨ ਰਿੱਕੀ ਪੋਂਟਿੰਗ ਜਸਟਿਨ ਲੈਂਗਰ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ 'ਤੇ ਉਤਰੇ। ਉਨ੍ਹਾਂ ਨੇ ਵੀ 26 ਦੌੜਾਂ ਬਣਾਈਆਂ ਜਿਸ ਨਾਲ ਟੀਮ ਨੇ 10 ਓਵਰਾਂ ਵਿਚ ਪੰਜ ਵਿਕਟਾਂ 'ਤੇ 104 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਐਡਮ ਗਿਲਕ੍ਰਿਸਟ ਨੇ ਇਸ ਟੀਚੇ ਦਾ ਪਿੱਛਾ ਕਰਦੇ ਹੋਏ ਪਹਿਲੀ ਗੇਂਦ 'ਤੇ ਛੱਕਾ ਲਾਇਆ ਤੇ ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਸ਼ੇਨ ਵਾਟਸਨ ਨੇ ਨੌਂ ਗੇਂਦਾਂ ਵਿਚ 30 ਦੌੜਾਂ ਬਣਾਈਆਂ ਪਰ ਉਨ੍ਹਾਂ ਦੀ ਟੀਮ 10 ਓਵਰਾਂ 'ਚ ਛੇ ਵਿਕਟਾਂ 'ਤੇ 103 ਦੌੜਾਂ ਹੀ ਬਣਾ ਸਕੀ। ਮੈਚ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਟਵੀਟ ਕੀਤਾ ਕਿ ਇਸ ਮੈਚ ਰਾਹੀਂ ਅਸੀਂ ਪਿਛਲੇ ਦਿਨੀਂ ਜੰਗਲਾਂ ਵਿਚ ਲੱਗੀ ਅੱਗ ਦੇ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ 77 ਲੱਖ ਆਸਟ੍ਰੇਲੀਆਈ ਡਾਲਰ (ਲਗਭਗ 36 ਕਰੋੜ 65 ਲੱਖ ਰੁਪਏ) ਇਕੱਠੇ ਕੀਤੇ।