ਅਹਿਮਦਾਬਾਦ (ਜੇਐੱਨਐੱਨ) : ਪਿਛਲੇ ਦਿਨੀਂ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਚੌਥੇ ਤੇ ਆਖ਼ਰੀ ਟੈਸਟ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਸੀ। ਬੁਮਰਾਹ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹਟਣ ਦਾ ਫ਼ੈਸਲਾ ਕੀਤਾ। ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਤੇ ਇੰਗਲੈਂਡ ਨੇ 12 ਮਾਰਚ ਤੋਂ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ ਜਿਸ ਵਿਚ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ 23 ਮਾਰਚ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਭਿੜਨਗੀਆਂ। ਇਸ ਤੋਂ ਬਾਅਦ ਹੋਣ ਵਾਲੀ ਵਨ ਡੇ ਸੀਰੀਜ਼ ਤੋਂ ਵੀ ਬੁਮਰਾਹ ਹਟ ਸਕਦੇ ਹਨ। ਬੁਮਰਾਹ ਤੇ ਬੀਸੀਸੀਆਈ ਨੇ ਇਸ ਪਿੱਛੇ ਸਿਰਫ਼ ਨਿੱਜੀ ਕਾਰਨ ਦੱਸਿਆ ਹੈ ਪਰ ਇਸ ਦਾ ਅਸਲੀ ਕਾਰਨ ਇਹ ਹੈ ਕਿ ਭਾਰਤ ਦਾ ਇਹ ਤੇਜ਼ ਗੇਂਦਬਾਜ਼ ਜਲਦ ਹੀ ਵਿਆਹ ਕਰਵਾਉਣ ਜਾ ਰਿਹਾ ਹੈ। ਬੁਮਰਾਹ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਇਹ ਖਿਡਾਰੀ ਜਲਦ ਹੀ ਵਿਆਹ ਕਰਨ ਵਾਲਾ ਹੈ। ਇਕ ਸਪੋਰਟਸ ਐਂਕਰ ਨਾਲ ਉਨ੍ਹਾਂ ਦਾ ਵਿਆਹ ਹੋਣ ਵਾਲਾ ਹੈ। ਹਾਲਾਂਕਿ ਅਜੇ ਤਰੀਕ ਤੇ ਥਾਂ ਦੀ ਜਾਣਕਾਰੀ ਗੁਪਤ ਰੱਖੀ ਗਈ ਹੈ। ਸੀਰੀਜ਼ ਚੱਲ ਰਹੀ ਹੈ ਤੇ ਟੀਮ ਬਾਇਓ-ਬਬਲ ਵਿਚ ਹੈ ਇਸ ਲਈ ਉਨ੍ਹਾਂ ਦੇ ਵਿਆਹ ਵਿਚ ਟੀਮ ਇੰਡੀਆ ਦੇ ਖਿਡਾਰੀਆਂ ਦਾ ਸ਼ਾਮਲ ਹੋਣਾ ਮੁਸ਼ਕਲ ਹੈ। ਕੋਰੋਨਾ ਕਾਰਨ ਵਿਆਹ ਵਿਚ ਜ਼ਿਆਦਾ ਲੋਕਾਂ ਨੂੰ ਬੁਲਾਇਆ ਵੀ ਨਹੀਂ ਜਾਏਗਾ।

ਭਾਰਤੀ ਟੀਮ ਨੇ ਅਹਿਮਦਾਬਾਦ ਵਿਚ ਡੇ-ਨਾਈਟ ਟੈਸਟ ਵਿਚ ਇੰਗਲੈਂਡ ਖ਼ਿਲਾਫ਼ ਜਿੱਤ ਹਾਸਲ ਕੀਤੀ ਸੀ। ਉਸ ਮੈਚ ਵਿਚ ਵੀ ਬੁਮਰਾਹ ਨੂੰ ਪਿੱਚ ਕਾਰਨ ਜ਼ਿਆਦਾ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਚੇਨਈ ਵਿਚ ਹੋਏ ਦੂਜੇ ਟੈਸਟ ਵਿਚ ਵੀ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਸੀ ਤੇ ਮੁਹੰਮਦ ਸਿਰਾਜ ਨੇ ਇਸ਼ਾਂਤ ਸ਼ਰਮਾ ਨਾਲ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲੀ ਸੀ। ਤੀਜੇ ਟੈਸਟ ਤੋਂ ਬਾਅਦ ਬੀਸੀਸੀਆਈ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਬੁਮਰਾਹ ਚੌਥੇ ਟੈਸਟ ਵਿਚ ਨਹੀਂ ਖੇਡਣਗੇ। ਇਨ੍ਹਾਂ ਨੂੰ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਵਿਚ ਆਰਾਮ ਦਿੱਤਾ ਗਿਆ ਹੈ ਜੋ ਇਤਫਾਕ ਨਾਲ ਉਨ੍ਹਾਂ ਦੇ ਗ੍ਹਿ ਨਗਰ ਅਮਿਹਦਾਬਾਦ ਵਿਚ ਹੀ ਖੇਡੀ ਜਾਣੀ ਹੈ।

ਇੰਡੀਅਨ ਪ੍ਰੀਮੀਅਰ ਲੀਗ 'ਚ ਕਰਨਗੇ ਵਾਪਸੀ :

ਹੁਣ ਜਸਪ੍ਰੀਤ ਬੁਮਰਾਹ ਦਾ ਵਨ ਡੇ ਸੀਰੀਜ਼ ਵਿਚ ਵੀ ਮੁੜਨਾ ਮੁਸ਼ਕਲ ਹੈ ਜੋ ਪੁਣੇ ਵਿਚ ਪ੍ਰਸਤਾਵਿਤ ਹੈ। ਜਾਗਰਣ ਨੂੰ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੁਮਰਾਹ ਨੂੰ ਵਿਆਹ ਲਈ ਹੋਰ ਸਮਾਂ ਚਾਹੀਦਾ ਸੀ ਇਸ ਲਈ ਅਜਿਹਾ ਕੀਤਾ ਗਿਆ ਹੈ। ਵਿਆਹ ਤੋਂ ਬਾਅਦ ਬੁਮਰਾਹ ਦੀ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਹੁਣ ਸਿੱਧਾ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) 2021 ਵਿਚ ਹੋਵੇਗੀ ਜਿਸ ਦੀ ਸ਼ੁਰੂਆਤ ਇੰਗਲੈਂਡ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਅਪ੍ਰਰੈਲ ਵਿਚ ਹੋਣੀ ਹੈ।

ਆਸਟ੍ਰੇਲੀਆ ਖ਼ਿਲਾਫ਼ ਵੀ ਨਹੀਂ ਖੇਡੇ ਸਨ ਆਖ਼ਰੀ ਟੈਸਟ :

ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਚਾਰ ਵਿਕਟਾਂ ਹਾਸਲ ਕੀਤੀਆਂ ਸਨ ਜਿਸ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਦਿਨੀਂ ਇੰਗਲੈਂਡ ਖ਼ਿਲਾਫ਼ ਚੱਲ ਰਹੀ ਟੈਸਟ ਸੀਰੀਜ਼ ਤੋਂ ਪਹਿਲਾਂ ਬੁਮਰਾਹ ਨੇ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਵਿਚ 11 ਵਿਕਟਾਂ ਲਈਆਂ ਸਨ ਤੇ ਬਿ੍ਸਬੇਨ ਵਿਚ ਖੇਡੇ ਗਏ ਆਖ਼ਰੀ ਟੈਸਟ ਵਿਚ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਨਹੀਂ ਖੇਡ ਸਕੇ ਸਨ।

Posted By: Susheel Khanna