ਮੁੰਬਈ (ਆਈਏਐੱਨਐੱਸ) : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਆਪਣੀ ਵਾਪਸੀ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ ਤੇ ਇਸੇ ਕ੍ਰਮ ਵਿਚ ਉਨ੍ਹਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਅਭਿਆਸ ਸੈਸ਼ਨ ਤੋਂ ਬਾਅਦ ਟੁੱਟੇ ਸਟੰਪ ਦੇ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ। ਬੁਮਰਾਹ ਨੇ ਟਵਿੱਟਰ 'ਤੇ ਸਾਂਝੀ ਕੀਤੀ ਇਸ ਤਸਵੀਰ ਰਾਹੀਂ ਸੁਨੇਹਾ ਦਿੱਤਾ ਹੈ ਕਿ ਉਹ ਵਾਪਸੀ ਦੀ ਰਾਹ 'ਤੇ ਹਨ। ਬੁਮਰਾਹ ਨੇ ਤਸਵੀਰ ਨਾਲ ਲਿਖਿਆ, ਸਮਾਪਤ। ਸੈਸ਼ਨ ਦਾ ਅੰਤ ਸਟੰਪ ਨਾਲ ਸਮਾਪਤ। ਬੁਮਰਾਹ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਖੇਡੀ ਗਈ ਸੀਰੀਜ਼ ਤੋਂ ਹੀ ਬਾਹਰ ਚੱਲ ਰਹੇ ਹਨ। ਉਨ੍ਹਾਂ ਨੂੰ ਸਟ੍ਰੈੱਸ ਫਰੈਕਚਰ ਦੀ ਮੁਸ਼ਕਲ ਹੈ। ਉਨ੍ਹਾਂ ਦੀ ਅਗਲੇ ਸਾਲ ਹੋਣ ਵਾਲੇ ਨਿਊਜ਼ੀਲੈਂਡ ਦੌਰੇ 'ਤੇ ਟੀਮ ਵਿਚ ਮੁੜਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਦੇ ਦਮ 'ਤੇ ਭਾਰਤ ਨੇ ਪਿਛਲੇ ਹਫਤੇ ਬੰਗਲਾਦੇਸ਼ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ। ਇਸ ਗੇਂਦਬਾਜ਼ੀ ਹਮਲੇ ਵਿਚ ਜਸਪ੍ਰਰੀਤ ਬੁਮਰਾਹ ਦਾ ਨਾਂ ਨਹੀਂ ਸੀ। ਇਸ ਸੀਰੀਜ਼ ਵਿਚ ਇਸ਼ਾਂਤ ਸ਼ਰਮਾ ਨੇ 12, ਮੁਹੰਮਦ ਸ਼ਮੀ ਨੇ ਨੌਂ ਅਤੇ ਉਮੇਸ਼ ਯਾਦਵ ਨੇ ਵੀ 12 ਵਿਕਟਾਂ ਹਾਸਲ ਕੀਤੀਆਂ ਸਨ।

ਗਾਂਗੁਲੀ ਨੂੰ ਕੀਤਾ ਉਨ੍ਹਾਂ ਦੀ ਧੀ ਸਨਾ ਨੇ ਮਜ਼ਾਕ

ਕੋਲਕਾਤਾ : ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਉਨ੍ਹਾਂ ਦੀ ਧੀ ਸਨਾ ਸੋਸ਼ਲ ਮੀਡੀਆ 'ਤੇ ਆਪਣੇ ਮਜ਼ਾਕੀਆ ਲਹਿਜ਼ੇ ਕਾਰਨ ਚਰਚਾ ਵਿਚ ਹਨ। ਪਹਿਲੇ-ਡੇ ਨਾਈਟ ਟੈਸਟ ਮੈਚ ਤੋਂ ਬਾਅਦ ਪੁਰਸਕਾਰ ਵੰਡ ਸਮਾਗਮ ਦੌਰਾਨ ਦੀ ਤਸਵੀਰ ਗਾਂਗੁਲੀ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਿਸ ਵਿਚ ਗਾਂਗੁਲੀ ਗੰਭੀਰ ਨਜ਼ਰ ਆ ਰਹੇ ਹਨ। ਸਨਾ ਨੇ ਇਸ 'ਤੇ ਕੁਮੈਂਟ ਕੀਤਾ ਕਿ ਤੁਹਾਨੂੰ ਕੀ ਪਸੰਦ ਨਹੀਂ ਆ ਰਿਹਾ ਤਾਂ ਗਾਂਗੁਲੀ ਨੇ ਜਵਾਬ ਵਿਚ ਲਿਖਿਆ ਕਿ ਤੁਹਾਡੀ ਜ਼ਿੱਦ। ਸਨਾ ਨੇ ਆਪਣੇ ਪਿਤਾ ਨੂੰ ਮੁੜ ਜਵਾਬ ਦਿੱਤਾ ਕਿ ਤੁਹਾਡੇ ਤੋਂ ਸਿੱਖ ਰਹੀ ਹਾਂ।

ਯੁਜਵਿੰਦਰ ਸਿੰਘ ਚਹਿਲ ਨੇ ਰੋਹਿਤ ਨੂੰ ਕਿਹਾ ਜੂਨੀਅਰ

ਮੁੰਬਈ : ਰੋਹਿਤ ਸ਼ਰਮਾ ਬੇਸ਼ੱਕ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਹਨ ਪਰ ਜਦ ਇੰਟਰਵਿਊ ਦੀ ਗੱਲ ਆਉਂਦੀ ਹੈ ਤਾਂ ਉਹ ਯੁਜਵਿੰਦਰ ਸਿੰਘ ਚਹਿਲ ਤੋਂ ਪਿੱਛੇ ਹਨ ਤੇ ਇਸ ਲਈ ਇਸ ਲੈੱਗ ਸਪਿੰਨਰ ਨੇ ਰੋਹਿਤ ਨੂੰ ਜੂਨੀਅਰ ਦੱਸਿਆ ਹੈ। ਬੀਸੀਸੀਆਈ ਵੱਲੋਂ ਪੋਸਟ ਕੀਤੇ ਗਏ ਇਕ ਵੀਡੀਓ ਦੇ ਜਵਾਬ ਵਿਚ ਚਹਿਲ ਨੇ ਟਵੀਟ ਕੀਤਾ ਕਿ ਨਵੇਂ ਐਂਕਰ ਰੋਹਿਤ ਸ਼ਰਮਾ ਨੇ ਚੰਗਾ ਕੰਮ ਕੀਤਾ। ਇਸ ਕੰਮ ਨੂੰ ਜਾਰੀ ਰੱਖੋ ਜੂਨੀਅਰ। ਕੋਲਕਾਤਾ ਟੈਸਟ ਮੈਚ ਤੋਂ ਬਾਅਦ ਰੋਹਿਤ ਨੇ ਉਮੇਸ਼ ਯਾਦਵ ਤੇ ਇਸ਼ਾਂਤ ਸ਼ਰਮਾ ਦੇ ਇੰਟਰਵਿਊ ਲਏ ਸਨ।