ਨਈ ਦੁਨੀਆ, ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਤੋਂ ਬਾਅਦ ਸ੍ਰੀਲੰਕਾ ਖ਼ਿਲਾਫ਼ ਐਤਵਾਰ ਨੂੰ ਸ਼ੁਰੂ ਹੋਣ ਵਾਲੀ ਟੀ20 ਸੀਰੀਜ਼ ਵਿਚ ਮੈਦਾਨ 'ਤੇ ਵਾਪਸੀ ਕਰਨਗੇ। ਗੁਹਾਟੀ ਵਿਚ ਇਸ ਤਿੰਨ ਟੀ20 ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਬੁਮਰਾਹ ਨੇ ਆਪਣੇ ਕੈਰੀਅਰ ਨੂੰ ਲੈ ਕੇ ਕਈ ਖੁਲਾਸੇ ਕੀਤੇ।

ਬੁਮਰਾਹ ਨੂੰ ਆਪਣੇ ਵੱਖਰੇ ਐਕਸ਼ਨ ਅਤੇ ਸਟੀਕ ਯਾਰਕਰ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਯਾਰਕਰ ਦਾ ਸਾਹਮਣਾ ਕਰਨ ਵਿਚ ਦੁਨੀਆਂ ਦੇ ਦਿਗੱਜ ਬੱਲੇਬਾਜ਼ਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਟਰਨੈਸ਼ਨਲ ਕ੍ਰਿਕਟ ਵਿਚ ਮੌਜੂਦਾ ਸਮੇਂ ਸ੍ਰੀਲੰਕਾਈ ਦਿਗੱਜ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਯਾਰਕਰ ਦਾ ਕੋਈ ਮੇਲ ਨਹੀਂ ਹੈ ਅਜਿਹੇ ਵਿਚ ਮੰਨਿਆ ਜਾਂਦਾ ਹੈ ਕਿ ਆਈਪੀਐਲ ਵਿਚ ਮੁੰਬਈ ਇੰਡੀਅਨ ਵੱਲੋਂ ਖੇਡਦੇ ਹੋਏ ਬੁਮਰਾਹ ਨੂੰ ਮਲਿੰਗਾ ਤੋਂ ਯਾਰਕਰ ਨੂੰ ਘਾਤਕ ਬਣਾਉਣ ਵਿਚ ਮਦਦ ਮਿਲੇਗੀ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਬੁਮਰਾਹ ਨੇ ਕਿਹਾ,' ਲੋਕਾਂ ਦਾ ਮੰਨਣਾ ਹੈ ਕਿ ਮੈਨੂੰ ਲਸਿਥ ਮਲਿੰਗਾ ਨੇ ਯਾਰਕਰ ਸਿਖਾਈ ਹੋਵੇਗੀ ਪਰ ਇਹ ਸੱਚ ਨਹੀਂ ਹੈ। ਉਨ੍ਹਾਂ ਨੇ ਮੈਨੂੰ ਯਾਰਕਰ ਤਾਂ ਦੂਰ, ਮੈਦਾਨ 'ਤੇ ਕੁਝ ਵੀ ਨਹੀਂ ਸਿਖਾਇਆ। ਮੈਂ ਉਨ੍ਹਾਂ ਤੋਂ ਦਿਮਾਗੀ ਰਣਨੀਤੀ ਤਿਆਰ ਕਰਨਾ ਸਿਖਿਆ ਕਿ ਵੱਖ ਵੱਖ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਜਾਂਦਾ ਹੈ। ਕਿਸ ਤਰ੍ਹਾਂ ਬੱਲੇਬਾਜ਼ ਲਈ ਪਲਾਨ ਬਣਾਉਣਾ ਹੈ ਅਤੇ ਕਿਵੇਂ ਆਪਣੇ ਗੁੱਸੇ 'ਤੇ ਕਾਬੂ ਪਾਉਣਾ ਹੈ।'


ਬੁਮਰਾਹ ਨੇ ਕਿਹਾ,' ਮੈਂ ਆਪਣੀ ਸਾਰੀ ਕ੍ਰਿਕਟ ਟੀਵੀ ਦੇਖ ਕੇ ਸਿਖੀ। ਮੈਂ ਅੱਜ ਵੀ ਵੀਡੀਓਜ਼ ਦੇਖਦਾ ਹਾਂ ਅਤੇ ਆਪਣੇ ਪੱਧਰ 'ਤੇ ਤਿਆਰੀ ਕਰਦਾ ਹਾਂ ਅਤੇ ਫੀਡਬੈਕ ਜ਼ਰੀਏ ਉਸ ਵਿਚ ਸੁਧਾਰ ਕਰਦਾ ਹਾਂ। ਮੈਂ ਆਪਣੀਆਂ ਗੇਂਦਾਂ ਦਾ ਖੁਦ ਮੁਲਾਂਕਣ ਕਰਦਾ ਹਾਂ ਕਿਉਂਕਿ ਮੈਂ ਮੈਦਾਨ 'ਤੇ ਇਕੱਲਾ ਰਹਾਂਗਾ ਅਤੇ ਉਥੇ ਕੋਈ ਮੇਰੀ ਮਦਦ ਲਈ ਮੌਜੂਦ ਨਹੀਂ ਹੋਵੇਗਾ। ਬੁਮਰਾਹ ਘਰ ਅੰਦਰ ਗੇਂਦਬਾਜ਼ੀ ਦੀ ਪ੍ਰੈਕਟਿਸ ਕਰਦੇ ਸਨ ਅਤੇ ਗੇਂਦ ਜ਼ਿਆਦਾ ਆਵਾਜ਼ ਨਾ ਕਰੇ ਇਸ ਕਾਰਨ ਉਹ ਇਸ ਦਾ ਟੱਪਾ ਉਸ ਥਾਂ ਦਿਵਾਉਣ ਲੱਗੇ ਜਿਥੇ ਕੰਧ ਨਾਲ ਫਰਸ਼ ਮਿਲਦੀ ਹੈ। ਇਸ ਕਾਰਨ ਆਵਾਜ਼ ਘੱਟ ਹੁੰਦੀ ਸੀ। ਇਹ ਕਾਰਨ ਹੈ ਕਿ ਉਨ੍ਹਾਂ ਨੂੰ ਯਾਰਕਰ ਪਾਉਣ ਵਿਚ ਮੁਹਾਰਤ ਹਾਸਲ ਹੋਈ।

Posted By: Tejinder Thind