ਬਰਮਿੰਘਮ (ਪੀਟੀਆਈ) : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਕਿਹਾ ਕਿ ਜਦ ਬੱਲੇਬਾਜ਼ ਨੇ ਹਮਲਾਵਰ ਵਤੀਰਾ ਅਪਣਾਇਆ ਹੋਵੇ ਤਾਂ ਗੇਂਦਬਾਜ਼ ਲਈ ਧੀਰਜ ਰੱਖਣਾ ਜ਼ਰੂਰੀ ਹੁੰਦਾ ਹੈ। ਮਹਿਮਾਨ ਟੀਮ ਲਈ ਪਹਿਲੀ ਪਾਰੀ ਵਿਚ ਸਭ ਤੋਂ ਸਫਲ ਗੇਂਦਬਾਜ਼ ਰਹੇ ਸਿਰਾਜ ਨੇ ਕਿਹਾ ਕਿ ਜਾਨੀ ਬੇਰਸਟੋ ਦੇ ਹਮਲਾਵਰ ਤੇਵਰਾਂ ਨਾਲ ਭਾਰਤੀ ਗੇਂਦਬਾਜ਼ ਪਰੇਸ਼ਾਨ ਨਹੀਂ ਸਨ।

ਸਿਰਾਜ ਨੇ ਕਿਹਾ ਕਿ ਗੇਂਦਬਾਜ਼ ਦੇ ਰੂਪ ਵਿਚ ਅਸੀਂ ਸਿਰਫ਼ ਧੀਰਜ ਰੱਖਣਾ ਹੁੰਦਾ ਹੈ। ਬੇਰਸਟੋ ਲੈਅ ਵਿਚ ਹਨ ਤੇ ਨਿਊਜ਼ੀਲੈਂਡ ਸੀਰੀਜ਼ ਤੋਂ ਹੀ ਉਹ ਲਗਾਤਾਰ ਹਮਲਾਵਰ ਬੱਲੇਬਾਜ਼ੀ ਕਰ ਰਹੇ ਹਨ। ਇਸ ਲਈ ਸਾਨੂੰ ਪਤਾ ਸੀ ਕਿ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਹੋਇਆ ਹੈ। ਸਾਡੀ ਯੋਜਨਾ ਆਮ ਜਿਹੀ ਸੀ ਕਿ ਆਪਣੇ ਬੇਸਿਕਸ 'ਤੇ ਬਣੇ ਰਹਿਣਾ ਹੈ। ਅਸੀਂ ਆਪਣੀ ਸਮਰੱਥਾ 'ਤੇ ਵਿਸ਼ਵਾਸ ਰੱਖਣਾ ਹੈ ਫਿਰ ਚਾਹੇ ਉਹ ਕੁਝ ਵੀ ਕਰਨ, ਇਹ ਸਿਰਫ਼ ਇਕ ਗੇਂਦ ਦੀ ਗੱਲ ਸੀ, ਉਹ ਚਾਹੇ ਇਨਸਵਿੰਗ ਹੋਵੇ ਜਾਂ ਪਿੱਚ ਤੋਂ ਸੀਮ ਕਰਦੀ ਗੇਂਦ। ਇੰਗਲੈਂਡ ਵਿਚ ਬੱਲੇਬਾਜ਼ ਨੂੰ ਕਈ ਵਾਰ ਭੁਲੇਖਾ ਪਾਉਣਾ ਆਮ ਜਿਹੀ ਗੱਲ ਹੈ, ਤੁਹਾਨੂੰ ਬਸ ਧੀਰਜ ਰੱਖਣਾ ਪੈਂਦਾ ਹੈ ਤੇ ਪ੍ਰਕਿਰਿਆ 'ਤੇ ਧਿਆਨ ਲਾਉਣਾ ਪੈਂਦਾ ਹੈ।

Posted By: Gurinder Singh