ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਗੇਂਦਬਾਜ਼ਾਂ ਨੇ ਲੈਸਟਰਸ਼ਾਇਰ ਖ਼ਿਲਾਫ਼ ਲੈਸਟਰ ਵਿਚ ਖੇਡੇ ਜਾ ਰਹੇ ਅਭਿਆਸ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨੂੰ ਵਾਪਸੀ ਦਿਵਾਈ ਤੇ ਭਾਰਤੀ ਟੀਮ ਪਹਿਲੀ ਪਾਰੀ ਦੇ ਆਧਾਰ 'ਤੇ ਦੋ ਦੌੜਾਂ ਦੀ ਮਨੋਵਿਗਿਆਨਕ ਬੜ੍ਹਤ ਹਾਸਲ ਕਰਨ ਵਿਚ ਕਾਮਯਾਬ ਰਹੀ। ਭਾਰਤੀ ਗੇਂਦਬਾਜ਼ਾਂ ਅੱਗੇ ਲੈਸਟਰਸ਼ਾਇਰ ਦੀ ਪੂਰੀ ਟੀਮ 57 ਓਵਰਾਂ ਵਿਚ 244 ਦੌੜਾਂ 'ਤੇ ਸਿਮਟ ਗਈ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 42 ਦੌੜਾਂ ਦੇ ਕੇ ਤਿੰਨ ਵਿਕਟਾਂ ਤੇ ਰਵਿੰਦਰ ਜਡੇਜਾ 28 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਲੈਸਟਰਸ਼ਾਇਰ ਵੱਲੋਂ ਰਿਸ਼ਭ ਪੰਤ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ ਜਿਸ ਲਈ ਉਨ੍ਹਾਂ ਨੇ 87 ਗੇਂਦਾਂ ਖੇਡੀਆਂ ਤੇ 14 ਚੌਕੇ ਤੇ ਇਕ ਛੱਕਾ ਲਾਇਆ। ਜਵਾਬ 'ਚ ਭਾਰਤ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਇਕ ਵਿਕਟ 'ਤੇ 80 ਦੌੜਾਂ ਬਣਾ ਕੇ ਆਪਣੀ ਬੜ੍ਹਤ ਨੂੰ 82 ਦੌੜਾਂ ਦਾ ਕਰ ਲਿਆ। ਉਸ ਸਮੇਂ ਸ਼੍ਰੀਕਰ ਭਰਤ 31 ਦੌੜਾਂ ਤੇ ਹਨੂਮਾ ਵਿਹਾਰੀ ਨੌਂ ਦੌੜਾਂ ਬਣਾ ਕੇ ਖੇਡ ਰਹੇ ਸਨ। ਸ਼ੁਭਮਨ ਗਿੱਲ 38 ਦੌੜਾਂ ਬਣਾ ਕੇ ਆਊਟ ਹੋਏ।

ਭਾਰਤੀ ਟੀਮ ਨੇ ਪਹਿਲੇ ਦਿਨ ਬਾਰਿਸ਼ ਕਾਰਨ ਖੇਡ ਰੋਕੇ ਜਾਣ ਤਕ ਅੱਠ ਵਿਕਟਾਂ 'ਤੇ 246 ਦੌੜਾਂ ਬਣਾਈਆਂ ਸਨ। ਦੂਜੇ ਦਿਨ ਦੀ ਖੇਡ ਸ਼ੁਰੂ ਹੋਈ ਤਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੇ ਦਿਨ ਦੇ ਸਕੋਰ 'ਤੇ ਹੀ ਭਾਰਤੀ ਪਾਰੀ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ।

ਤੇਜ਼ ਗੇਂਦਬਾਜ਼ ਸ਼ਮੀ ਨੇ ਭਾਰਤ ਨੂੰ ਸ਼ੁਰੂਆਤੀ ਦੋ ਵਿਕਟਾਂ ਦਿਵਾਈਆਂ। ਉਨ੍ਹਾਂ ਨੇ ਕਪਤਾਨ ਸੈਮ ਇਵਾਂਸ (01) ਤੇ ਚੇਤੇਸ਼ਵਰ ਪੁਜਾਰਾ (00) ਨੂੰ ਆਊਟ ਕੀਤਾ। ਇਸ ਤੋਂ ਬਾਅਦ ਮੁਹੰਮਦ ਸਿਰਾਜ (2/46) ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਲੁਇਸ ਕਿੰਬਰ (32) ਤੇ ਜੋਏ ਇਵਸਨ (22) ਨੂੰ ਪਵੇਲੀਅਨ ਭੇਜਿਆ। ਇਸ ਤੋਂ ਬਾਅਦ ਰਿਸ਼ੀ ਪਟੇਲ (34) ਤੇ ਪੰਤ ਨੇ ਪੰਜਵੀਂ ਵਿਕਟ ਲਈ 58 ਦੌੜਾਂ ਜੋੜੀਆਂ। ਸ਼ਮੀ ਨੇ ਪਟੇਲ ਨੂੰ ਆਊਟ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਇੱਥੋਂ ਪੱਤ ਨੇ ਹੇਠਲੇ ਨੰਬਰ ਦੇ ਬੱਲੇਬਾਜ਼ਾਂ ਨਾਲ ਮਿਲ ਕੇ ਸਕੋਰ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਰਵਿੰਦਰ ਜਡੇਜਾ ਤੇ ਸ਼ਾਰਦੁਲ ਠਾਕੁਰ (2/71) ਨੇ ਹੇਠਲੇ ਨੰਬਰ ਦੇ ਬੱਲੇਬਾਜ਼ਾਂ ਨੂੰ ਸਮੇਟ ਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ।

Posted By: Gurinder Singh