ਨਵੀਂ ਦਿੱਲੀ, ਆਨਲਾਈਨ ਡੈਸਕ: ਇੰਗਲੈਂਡ ਖਿਲਾਫ਼ ਦੂਜੇ ਮੈਚ 'ਚ ਜਿੱਤ ਤੋਮ ਜ਼ਿਆਦਾ ਅਹਿਮ ਸੀ ਪਾਕਿਸਤਾਨ ਲਈ ਬਾਬਰ ਆਜ਼ਮ ਦਾ ਫਾਮ 'ਚ ਆਉਣਾ ਅਤੇ ਉਸ ਨੇ ਕਰਾਚੀ ਸਟੇਡੀਅਮ 'ਚ ਆਪਣੀ ਬੱਲੇਬਾਜ਼ੀ ਦਾ ਜਲਵਾ ਵੀ ਦਿਖਾਇਆ, ਜਿਸ ਦਾ ਏਸ਼ੀਆ ਕੱਪ 'ਚ ਇੰਤਜ਼ਾਰ ਸੀ। ਪੂਰੇ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਦੇ ਪ੍ਰਸ਼ੰਸਕ ਬਾਬਰ ਦੇ ਬੱਲੇ ਨਾਲ ਦੌੜਾਂ ਬਣਾਉਣ ਦਾ ਇੰਤਜ਼ਾਰ ਕਰਦੇ ਰਹੇ ਪਰ ਅਜਿਹਾ ਨਹੀਂ ਹੋਇਆ ਜਿਸ ਦੇ ਨਤੀਜੇ ਵਜੋਂ ਸ੍ਰੀਲੰਕਾ ਨੇ ਟਰਾਫੀ ਜਿੱਤੀ।

ਪਰ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਬਾਬਰ ਆਜ਼ਮ ਦਾ ਫਾਰਮ 'ਚ ਆਉਣਾ ਪਾਕਿਸਤਾਨੀ ਟੀਮ ਲਈ ਬਹੁਤ ਚੰਗੀ ਖ਼ਬਰ ਹੈ। ਬਾਬਰ ਆਜ਼ਮ ਨੇ ਇਸ ਮੈਚ 'ਚ ਨਾ ਸਿਰਫ 66 ਗੇਂਦਾਂ 'ਤੇ 110 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸਗੋਂ ਆਪਣੀ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ 7 ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਉਸ ਨੇ ਆਪਣੇ ਸੈਂਕੜੇ ਵਿੱਚ 11 ਚੌਕੇ ਅਤੇ 5 ਛੱਕੇ ਲਗਾਏ ਅਤੇ ਮੁਹੰਮਦ ਰਿਜ਼ਵਾਨ ਨਾਲ 203 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।

ਬਾਬਰ ਨੇ ਕੋਹਲੀ ਨੂੰ ਪਛਾੜ ਦਿੱਤਾ

ਬਾਬਰ ਆਜ਼ਮ ਨੇ ਇਸ ਪਾਰੀ ਵਿੱਚ ਵਿਰਾਟ ਕੋਹਲੀ ਦੇ ਦੋ ਰਿਕਾਰਡਾਂ ਨੂੰ ਪਿੱਛੇ ਛੱਡ ਦਿੱਤਾ। ਉਹ ਟੀ-20 ਕ੍ਰਿਕਟ ਵਿੱਚ ਸਭ ਤੋਂ ਤੇਜ਼ 8,000 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਸਾਬਕਾ ਭਾਰਤੀ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਬਾਬਰ ਨੇ ਆਪਣੀਆਂ 8000 ਦੌੜਾਂ ਸਿਰਫ਼ 218 ਪਾਰੀਆਂ 'ਚ ਪੂਰੀਆਂ ਕੀਤੀਆਂ ਜਦਕਿ ਕੋਹਲੀ ਨੇ ਇਸ ਲਈ 243 ਪਾਰੀਆਂ ਲਈਆਂ।ਇੰਨਾ ਹੀ ਨਹੀਂ ਬਾਬਰ ਨੇ ਇਸੇ ਪਾਰੀ ਦੌਰਾਨ ਕੋਹਲੀ ਦਾ ਇਕ ਹੋਰ ਰਿਕਾਰਡ ਵੀ ਪਿੱਛੇ ਛੱਡ ਦਿੱਤਾ। ਜਿਵੇਂ ਹੀ ਉਸਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਉਸਨੇ 82 ਪਾਰੀਆਂ ਵਿੱਚ ਵਿਰਾਟ ਕੋਹਲੀ ਦੇ 27 ਟੀ-20 ਅਰਧ ਸੈਂਕੜੇ ਦੇ ਰਿਕਾਰਡ ਨੂੰ ਤੋੜ ਦਿੱਤਾ। ਇਸਦੇ ਲਈ ਉਸਨੇ ਕੋਹਲੀ ਤੋਂ 5 ਪਾਰੀਆਂ ਘੱਟ ਲਈਆਂ ਅਤੇ ਸਿਰਫ 77 ਪਾਰੀਆਂ ਵਿੱਚ ਇਹ ਮੁਕਾਮ ਹਾਸਲ ਕੀਤਾ।

ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਨੇ 5 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਬਣਾਈਆਂ ਪਰ 200 ਦੌੜਾਂ ਦੇ ਇਸ ਵੱਡੇ ਟੀਚੇ ਨੂੰ ਬਾਬਰ ਤੇ ਰਿਜ਼ਵਾਨ ਦੀ ਜੋੜੀ ਨੇ ਕੋਈ ਵੀ ਵਿਕਟ ਗੁਆਉਣ ਤੋਂ ਪਹਿਲਾਂ 3 ਗੇਂਦਾਂ 'ਤੇ ਹਾਸਲ ਕਰ ਲਿਆ।

Posted By: Sandip Kaur