ਕੋਲਕਾਤਾ (ਜੇਐੱਨਐੱਨ) : ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਦੇ 48ਵੇਂ ਜਨਮ ਦਿਨ 'ਤੇ ਪ੍ਰਸ਼ੰਸਕਾਂ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਤਸਵੀਰ ਵਾਲੇ ਮਾਸਕ ਵੰਡੇ। 'ਮਹਾਰਾਜੇਰ ਦਰਬਾਰੇ' ਨਾਮੀ ਫੈਂਸ ਗਰੁੱਪ ਵੱਲੋਂ ਇਹ ਪਹਿਲ ਕੀਤੀ ਗਈ। ਇਸ ਫੈਂਸ ਗਰੁੱਪ ਨਾਲ ਜੁੜੇ ਮਾਨਸ ਚੈਟਰਜੀ ਨੇ ਦੱਸਿਆ ਕਿ ਇਸ ਵਾਰ ਹੋਰ ਵੀ ਖ਼ਾਸ ਮੌਕਾ ਹੈ ਕਿਉਂਕਿ ਬੀਸੀਸੀਆਈ ਪ੍ਰਧਾਨ ਵਜੋਂ ਦਾਦਾ ਦਾ ਇਹ ਪਹਿਲਾ ਜਨਮ ਦਿਨ ਹੈ। ਮਾਸਕ 'ਤੇ ਸੌਰਵ ਦੀਆਂ ਦੋ ਤਸਵੀਰਾਂ ਹਨ। ਪਹਿਲੀ 1996 ਵਿਚ ਲਾਰਡਜ਼ ਵਿਚ ਟੈਸਟ ਸ਼ੁਰੂਆਤ ਦੇ ਸਮੇਂ ਦੀ ਹੈ ਜਿਸ ਵਿਚ ਦਾਦਾ ਨੇ ਸੈਂਕੜਾ ਲਾਇਆ ਸੀ ਤੇ ਦੂਜੀ ਬੀਸੀਸੀਆਈ ਪ੍ਰਧਾਨ ਵਜੋਂ ਉਨ੍ਹਾਂ ਦੀ ਤਸਵੀਰ ਹੈ। ਇਨ੍ਹਾਂ ਮਾਸਕ ਨੂੰ ਫੈਂਸ ਗਰੁੱਪ ਦੇ ਮੈਂਬਰਾਂ ਵਿਚ ਵੰਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਹਾਰਾਜੇਰ ਦਰਬਾਰੇ ਦੇ ਕੋਲਕਾਤਾ, ਉੱਤਰ ਤੇ ਦੱਖਣੀ 24 ਪਰਗਨਾ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 9,000 ਤੋਂ ਜ਼ਿਆਦਾ ਮੈਂਬਰ ਹਨ। ਫੈਂਸ ਗਰੁੱਪ ਵੱਲੋਂ ਇਸ ਦਿਨ ਸੁਪਰ ਸਾਈਕਲੋਨ ਅੰਫਾਨ ਨਾਲ ਪੀੜਤ 48 ਪਰਿਵਾਰਾਂ ਨੂੰ ਵੀ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ।

ਸੌਰਵ ਨੇ ਰਾਤ 12 ਵਜੇ ਕੱਟਿਆ ਕੇਕ :

ਸੌਰਵ ਨੇ ਮੰਗਲਵਾਰ ਰਾਤ 12 ਵਜੇ ਆਪਣੇ ਬੇਹਲਾ ਮੌਜੂਦ ਨਿਵਾਸ ਸਥਾਨ 'ਤੇ ਪਰਿਵਾਰ ਦੇ ਮੈਂਬਰਾਂ ਵਿਚਾਲੇ ਜਨਮ ਦਿਨ ਦਾ ਕੇਕ ਕੱਟਿਆ। ਉਨ੍ਹਾਂ ਦੀ ਧੀ ਸਾਨਾ ਨੇ ਵਿਸ਼ੇਸ਼ ਚਾਕਲੇਟ ਕੇਕ ਦਾ ਇੰਤਜ਼ਾਮ ਕੀਤਾ ਸੀ। ਕੇਕ 'ਤੇ ਲਿਖਿਆ ਸੀ, ਹੈੱਪੀ ਬਰਥ ਡੇ ਡੈਡੀ, ਲਾਟਸ ਆਫ ਲਵ।