ਆਨਲਾਈਨ ਡੈਸਕ : ਕੋਰੋਨਾ ਮਹਾਮਾਰੀ ਵਿਚਾਲੇ ਕ੍ਰਿਕਟ ਨੂੰ ਬਾਇਓ-ਬਬਲ 'ਚ ਸ਼ੁਰੂ ਤਾਂ ਕਰ ਦਿੱਤਾ ਗਿਆ ਹੈ ਪਰ ਕੀ ਵਾਰ ਲੰਬੇ ਕੁਆਰੰਟਾਈਨ, ਪਰਿਵਾਰ ਤੋਂ ਦੂਰ ਰਹਿਣ, ਹੋਟਲ 'ਚ ਬੰਦ ਰਹਿਣ ਨਾਲ ਖਿਡਾਰੀਆਂ ਦੀ ਮਾਨਸਿਕ ਸਿਹਤ 'ਤੇ ਸਵਾਲ ਵੀ ਖੜ੍ਹੇ ਹੋਣ ਲੱਗੇ ਹਨ। ਇੰਗਲੈਂਡ ਦੇ ਹਰਫਨਮੌਲਾ ਤੇ ਟੀ-10 ਲੀਗ 'ਚ ਕਲੰਦਰਸ ਵੱਲੋਂ ਖੇਡ ਰਹੇ ਕ੍ਰਿਸ ਜਾਰਡਨ ਦਾ ਮੰਨਣਾ ਹੈ ਕਿ ਬਾਇਓ-ਬਬਲ 'ਚ ਖੇਡਣ ਨਾਲ ਖਿਡਾਰੀ ਦੀ ਮੈਦਾਨ 'ਤੇ ਖ਼ਰਾਬ ਖੇਡ ਉਸ 'ਤੇ ਬਹੁਤ ਹਾਵੀ ਹੋ ਜਾਂਦੀ ਹੈ। ਕ੍ਰਿਕਟ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਨਿਖਿਲ ਸ਼ਰਮਾ ਨੇ ਕ੍ਰਿਸ ਜਾਰਡਨ ਨਾਲ ਗੱਲਬਾਤ ਕੀਤੀ ਜਿਸ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ :-

-ਓਲੰਪਿਕ 'ਚ ਕ੍ਰਿਕਟ ਨੂੰ ਦੇਖਣ ਲਈ ਕੀ ਟੀ-10 ਫਾਰਮੇਟ ਸਹੀ ਹੋਵੇਗਾ?

-ਤੁਹਾਡਾ ਚੰਗਾ ਸਵਾਰ ਹੈ। ਮੈਨੂੰ ਲੱਗਦਾ ਹੈ ਕਿ ਇਸ ਫਾਰਮੇਟ 'ਚ ਕਾਫੀ ਰਫ਼ਤਾਰ ਹੈ। ਇੱਥੇ ਤੁਹਾਨੂੰ ਵੱਡੇ ਸ਼ਾਟ ਦੇਖਣ ਨੂੰ ਮਿਲਣਗੇ, ਵਧੀਆ ਕੈਚ ਦੇਖਣ ਨੂੰ ਮਿਲਣਗੇ। ਚੋਟੀ ਦੇ ਖਿਡਾਰੀ ਖੇਡ ਰਹੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਫਾਰਮੇਟ ਓਲੰਪਿਕ 'ਚ ਕ੍ਰਿਕਟ ਨੰੂ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

-ਟੀ-10 ਫਾਰਮੇਟ ਕੀ ਗੇਂਦਬਾਜ਼ਾਂ ਲਈ ਖ਼ਤਰਨਾਕ ਹੈ?

-ਇਹ ਫਾਰਮੇਟ ਬਹੁਤ ਤੇਜ਼ ਹੈ। ਸਭ ਕੁਝ ਬਹੁਤ ਜਲਦੀ ਹੁੰਦਾ ਹੈ। ਸ਼ਾਟ ਮਾਰਨ ਦੇ ਚੱਕਰ 'ਚ ਬੱਲੇਬਾਜ਼ ਦੋ ਤੋਂ ਤਿੰਨ ਵਿਕਟਾਂ ਜਲਦੀ ਗੁਆ ਦਿੰਦੇ ਹਨ। ਇਹ ਅਜਿਹਾ ਫਾਰਮੇਟ ਹੈ ਜਿਸ 'ਚ ਮੈਨੂੰ ਖੇਡਣਾ ਪਸੰਦ ਹੈ। ਮੈਨੂੰ ਇੱਥੇ ਆਪਣੇ ਹੁਨਰ ਨਿਖਾਰਨ 'ਚ ਮਦਦ ਮਿਲਦੀ ਹੈ।

-ਬਾਇਓ-ਬਬਲ ਕ੍ਰਿਕਟਰਾਂ ਲਈ ਕਿੰਨਾ ਮੁਸ਼ਕਲ ਹੈ?

-ਇਹ ਬਹੁਤ ਚੁਣੌਤੀਪੂਰਨ ਹੈ, ਮੁਸ਼ਕਲ ਹੈ। ਅਸੀਂ ਲਾਕਡਾਊਨ 'ਚ ਸੀ। ਫਿਰ ਕ੍ਰਿਕਟ ਦੀ ਸ਼ੁਰੂਆਤ ਬਾਇਓ-ਬਬਲ 'ਚ ਹੋਈ। ਇਹ ਮਾਨਸਿਕ ਤੌਰ 'ਤੇ ਬਹੁਤ ਚੁਣੌਤੀਪੂਰਨ ਹੈ। ਪਹਿਲਾਂ ਤੁਸੀਂ ਮੈਦਾਨ 'ਤੇ ਖ਼ਰਾਬ ਪ੍ਰਦਰਸ਼ਨ ਕਰਦੇ ਸੀ ਤੇ ਫਿਰ ਪਰਿਵਾਰ, ਦੋਸਤਾਂ ਤੇ ਬੱਚਿਆਂ ਨੂੰ ਮਿਲ ਕੇ ਉਸ ਸੋਚ ਤੋਂ ਬਾਹਰ ਨਿਕਲ ਜਾਂਦੇ ਸੀ ਪਰ ਬਾਇਓ-ਬਬਲ 'ਚ ਤੁਸੀ ਪਰਿਵਾਰ, ਦੋਸਤਾਂ ਬੱਚਿਆਂ ਨੂੰ ਨਹੀਂ ਮਿਲ ਸਕਦੇ। ਅਜਿਹੇ 'ਚ ਤੁਹਾਡਾ ਮੈਦਾਨ 'ਤੇ ਕੀਤਾ ਗਿਆ ਖ਼ਰਾਬ ਪ੍ਰਦਰਸ਼ਨ ਤੁਹਾਡੇ ਦਿਮਾਗ਼ 'ਤੇ ਹਾਵੀ ਰਹਿੰਦਾ ਹੈ ਤੇ ਤੁਸੀਂ ਇਸ ਤੋਂ ਬਾਹਰ ਨਹੀਂ ਆ ਪਾਉਂਦੇ ਹੋ।

-ਤੁਸੀਂ ਡੈੱਥ ਓਵਰਾਂ 'ਚ ਚੰਗੀ ਗੇਂਦਬਾਜ਼ਾਂ ਕਿਵੇਂ ਕਰਦੇ ਹੋ?

-ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਕਾਫੀ ਸਮੇਂ ਤੋਂ ਅਜਿਹਾ ਕਰ ਰਿਹਾ ਹਾਂ ਤੇ ਰਣਨੀਤੀ ਦੇ ਹਿਸਾਬ ਨਾਲ ਗੇਂਦਬਾਜ਼ੀ ਕਰਦਾ ਹਾਂ। ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਜੇ ਤੁਸੀਂ ਗੇਂਦਬਾਜ਼ੀ 'ਚ ਵਿਭਿੰਨਤਾ ਲਿਆਓ ਤਾਂ ਤੁਸੀਂ ਕਾਫੀ ਅੱਗੇ ਜਾ ਸਕਦੇ ਹੋ।

-ਅਗਲਾ ਟੀ-20 ਵਿਸ਼ਵ ਕੱਪ ਭਾਰਤ 'ਚ ਹੈ। ਆਗਾਮੀ ਭਾਰਤ ਦੌਰਾ ਤੁਹਾਡੇ ਲਈ ਕਿੰਨਾ ਅਹਿਮ ਹੈ?

-ਮੈਂ ਆਬੂਧਾਬੀ 'ਚ ਟੀ-10 ਲੀਗ 'ਚ ਖੇਡ ਰਿਹਾ ਹਾਂ। ਮੈਂ ਇੱਥੇ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗਾ। ਮੇਰਾ ਧਿਆਨ ਦੌਰੇ 'ਤੇ ਵਿਸ਼ਵ ਕੱਪ 'ਤੇ ਹੈ। ਮੈਂ ਸਿਰਫ ਇਹੀ ਕਹਿ ਸਕਦਾ ਹਾਂ ਕਿ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਸਕਾ ਤੇ ਲਗਾਤਾਰ ਆਪਣੀ ਖੇਡ ਸੁਧਾਰ ਸਕਾਂ ਤਾਂ ਕਾਫੀ ਅੱਗੇ ਜਾ ਸਕਦਾ ਹਾਂ।

-ਕਲੰਦਰਸ ਨਾਲ ਤਜਰਬਾ ਕਿਹੋ ਜਿਹਾ ਹੈ?

-ਮੈਂ ਪਿਛਲੇ ਸਾਲ ਵੀ ਟੀ-10 ਲੀਗ 'ਚ ਇਸ ਟੀਮ ਵੱਲੋਂ ਖੇਡਿਆ ਸੀ। ਇਹ ਚੰਗੀ ਫ੍ਰੈਂਚਾਇਜ਼ੀ ਹੈ ਕਈ ਚੰਗੇ ਖਿਡਾਰੀ ਹਨ। ਜੋ ਵੀ ਖਿਡਾਰੀ ਹਨ, ਉਹ ਹਮੇਸ਼ਾ ਖ਼ਾਸ ਕਰਨ ਲਈ ਤਿਆਰ ਰਹਿੰਦੇ ਹਨ। ਇਸ ਵਾਰ ਵੀ ਮੈਂ ਇੱਥੇ ਇਹੀ ਸੋਚ ਰਿਹਾ ਹਾਂ ਕਿ ਅਸੀਂ ਸਿਰਫ ਆਪਣੇ ਪਿਛਲੇ ਸਾਲ ਦੇ ਪ੍ਰਦਰਸ਼ਨ ਨੂੰ ਧਿਆਨ 'ਚ ਰੱਖ ਕੇ ਇਸ ਵਾਰ ਮੈਦਾਨ 'ਤੇ ਆਈਏ।

-ਕਈ ਲੀਗ ਆਉਣ ਨਾਲ ਕੌਮਾਂਤਰੀ ਕੈਲੰਡਰ 'ਤੇ ਫ਼ਰਕ ਪਿਆ ਹੈ। ਕੀ ਕ੍ਰਿਕਟਰਾਂ 'ਤੇ ਵੀ ਇਸ ਨਾਲ ਫ਼ਰਕ ਪਿਆ ਹੈ?

-ਸੱਚ ਕਹਾਂ ਤਾਂ ਤੁਸੀਂ ਇਸ ਨੰੂ ਵੱਡੀ ਦਿੱਕਤ ਕਹਿ ਸਕਦੇ ਹੋ ਪਰ ਮੇਰੇ ਨਜ਼ਰੀਏ 'ਚ ਕਈ ਲੀਗ ਆਉਣਗੀਆਂ, ਕਈ ਦਰਸ਼ਕ ਪਹੁੰਚਣਗੇ। ਇਹ ਸਾਡੀ ਖੇਡ ਲਈ ਚੰਗਾ ਹੈ। ਤੁਸੀਂ ਕਈ ਹਾਲਾਤਾਂ 'ਚ ਖੇਡ ਸਕਦੇ ਹੋ। ਇਹੀ ਇਸਦੀ ਖ਼ੂਬਸੂਰਤੀ ਹੈ। ਇਸ ਨਾਲ ਤੁਸੀਂ ਪੂਰੀ ਦੁਨੀਆ ਤਕ ਖੇਡ ਨੂੰ ਪਹੁੰਚਾ ਸਕਦੇ ਹੋ।

-ਟੀ-10 ਫਾਰਮੇਟ ਦਾ ਭਵਿੱਖ ਕੀ ਹੈ?

-ਟੀ-20 ਵਾਂਗ ਇਹ ਵੀ ਚੱਲੇਗਾ। ਕਿਵੇਂ ਗੇਂਦਬਾਜ਼ੀ ਕਰਨੀ ਹੈ, ਕਿਵੇਂ ਬੱਲੇਬਾਜ਼ੀ ਕਰਨੀ ਹੈ। ਹੁਣ ਇੱਥੇ 15 ਤੋਂ 20 ਦੌੜਾਂ ਬਣ ਜਾਂਦੀਆਂ ਹਨ। 10 ਓਵਰਾਂ 'ਚ 120 ਤੋਂ 130 ਦੌੜਾਂ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਇਸ ਫਾਰਮੇਟ ਦੇ ਆਉਣ ਨਾਲ ਟੀ-20 ਫਾਰਮੇਟ ਵੀ ਕਾਫੀ ਤੇਜ਼ ਹੋ ਗਿਆ ਹੈ। ਗੇਂਦਬਾਜ਼ਾਂ ਕੋਲ ਵੀ ਕਾਫੀ ਵਿਭਿੰਨਤਾ ਆ ਗਈ ਹੈ।

-ਟੀ-10 ਕਈ ਵਾਕਿਆ ਗੇਂਦਬਾਜ਼ਾਂ ਲਈ ਆਸਾਨ ਹੋ ਜਾਂਦਾ ਹੈ ਕਿਉਂਕਿ ਬੱਲੇਬਾਜ਼ ਜਲਦਬਾਜ਼ੀ 'ਚ ਖ਼ੁਦ ਗਲਤੀ ਕਰ ਬੈਠਦੇ ਹਨ?

-ਇਹ ਹਾਲਾਤ 'ਤੇ ਨਿਰਭਰ ਕਰਦਾ ਹੈ। ਮੈਂ ਆਪਣੇ ਸਾਥੀਆਂ ਨੂੰ ਹਰ ਗੇਂਦ 'ਤੇ ਵਿਕਟ ਲੈਣ ਲਈ ਕਹਿੰਦਾ ਹਾਂ। ਟੀ-10 'ਚ ਵਿਕਟਾਂ ਜਲਦੀ ਡਿੱਗਦੀਆਂ ਹਨ। ਕੋਈ ਵੀ ਬੱਲੇਬਾਜ਼ ਪਹਿਲੇ ਗੇਂਦ ਤੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਮੁਸ਼ਕਲ ਤਾਂ ਹੈ ਪਰ ਗੇਂਦਬਾਜ਼ ਲਈ ਵੀ ਮੌਕਾ ਰਹਿੰਦਾ ਹੈ।

-ਤੁਸੀਂ ਨਸਲਵਾਦ ਖ਼ਿਲਾਫ਼ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ?

-ਅਸੀਂ ਹੁਣ ਇਹ ਦੇਖਣਾ ਨਹੀਂ ਚਾਹੁੰਦੇ। ਕਈ ਵਾਰ ਗੱਲ ਹੋ ਚੁੱਕੀ ਹੈ। ਅਸੀਂ ਸਾਰੇ ਇਨਸਾਨ ਹਾਂ। ਅਸੀਂ ਵੀ ਜਿਊਣਾ ਚਾਹੁੰਦੇ ਹਾਂ। ਰੰਗ ਮਾਇਨੇ ਨਹੀਂ ਰੱਖਦਾ। ਨਸਲਵਾਦ ਇਕ ਰਾਤ 'ਚ ਖ਼ਤਮ ਨਹੀਂ ਹੋਵੇਗਾ ਪਰ ਨਿੱਜੀ ਸੋਚ, ਸੰਦੇਸ਼ ਨਾਲ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਪਰਿਵਾਰਕ ਸਿੱਖਿਆ ਵੀ ਇਸ 'ਚ ਇਕ ਅਹਿਮ ਭੂਮਿਕਾ ਨਿਭਾ ਸਕਦੀ ਹੈ।