ਨਵੀਂ ਦਿੱਲੀ (ਪੀਟੀਆਈ) : ਆਈਪੀਐੱਲ 'ਚ ਜੇ ਖਿਡਾਰੀ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਇਆ ਗਿਆ ਸੁਰੱਖਿਅਤ ਮਾਹੌਲ) ਦਾ ਉਲੰਘਣ ਕਰਦਾ ਹੈ ਤਾਂ ਉਹ ਟੂਰਨਾਮੈਂਟ 'ਚੋਂ ਬਾਹਰ ਹੋ ਸਕਦਾ ਹੈ। ਇਸ ਤੋਂ ਇਲਾਵਾ ਟੀਮ ਨੂੰ ਇਕ ਕਰੋੜ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਤੇ ਅੰਕ ਸੂਚੀ ਵਿਚੋਂ ਉਸ ਦੇ ਦੋ ਅੰਕ ਵੀ ਕੱਟੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀਐੱਸਕੇ ਦੇ ਤੇਜ਼ ਗੇਂਦਬਾਜ਼ ਕੇਐੱਮ ਆਸਿਫ ਨੇ ਆਈਪੀਐੱਲ ਦੌਰਾਨ ਬਾਇਓ-ਬਬਲ ਪ੍ਰੋਟੋਕਾਲ ਦਾ ਉਲੰਘਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਛੇ ਦਿਨ ਕੁਆਰੰਟਾਈਨ ਵਿਚ ਬਿਤਾਉਣੇ ਪਏ। ਹਾਲਾਂਕਿ ਹੁਣ ਉਹ ਦੁਬਾਰਾ ਟੀਮ ਦੇ ਨਾਲ ਅਭਿਆਸ ਵਿਚ ਰੁੱਝ ਗਏ ਹਨ। ਦਰਅਸਲ ਆਸਿਫ ਦੇ ਕਮਰੇ ਦੀ ਚਾਬੀ ਗੁਆਚ ਗਈ ਸੀ ਤੇ ਉਸ ਦੀ ਥਾਂ ਦੂਜੀ ਚਾਬੀ ਲੱਭਣ ਲਈ ਉਹ ਹੋਟਲ ਦੀ ਰਿਸੈਪਸ਼ਨ 'ਤੇ ਚਲੇ ਗਏ। ਇਹ ਬਾਇਓ-ਬਬਲ ਪ੍ਰੋਟੋਕਾਲ ਦਾ ਉਲੰਘਣ ਹੈ ਕਿਉਂਕਿ ਰਿਸੈਪਸ਼ਨ ਟੀਮ ਲਈ ਤੈਅ ਬਬਲ ਦੇ ਅੰਦਰ ਨਹੀਂ ਆਉਂਦੀ। ਬੀਸੀਸੀਆਈ ਨੇ ਸਾਰੀਆਂ ਅੱਠ ਟੀਮਾਂ ਨੂੰ ਜੋ ਜਾਣਕਾਰੀ ਭੇਜੀ ਹੈ ਉਸ ਮੁਤਾਬਕ ਜੇ ਬਾਇਓ ਬਬਲ ਤੋਂ ਖਿਡਾਰੀ ਬਾਹਰ ਹੁੰਦਾ ਹੈ ਤਾਂ ਫਿਰ ਉਸ ਨੂੰ ਛੇ ਦਿਨ ਦੇ ਕੁਆਰੰਟਾਈਨ 'ਚੋਂ ਵੀ ਗੁਜ਼ਰਨਾ ਪਵੇਗਾ। ਜੇ ਕੋਈ ਖਿਡਾਰੀ ਦੂਜੀ ਵਾਰ ਉਲੰਘਣ ਕਰਦਾ ਹੈ ਤਾਂ ਉਸ 'ਤੇ ਇਕ ਮੈਚ ਦੀ ਮੁਅੱਤਲੀ ਲੱਗੇਗੀ। ਜੇ ਖਿਡਾਰੀ ਤੀਜੀ ਵਾਰ ਅਜਿਹਾ ਕਰਦਾ ਹੈ ਤਾਂ ਫਿਰ ਉਸ ਨੂੰ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ ਜਾਵੇਗਾ ਤੇ ਉਸ ਦੀ ਥਾਂ ਟੀਮ ਨੂੰ ਕੋਈ ਹੋਰ ਖਿਡਾਰੀ ਵੀ ਉਪਲੱਬਧ ਨਹੀਂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੇ ਖਿਡਾਰੀ ਆਪਣੀ ਰੋਜ਼ਾਨਾ ਸਿਹਤ ਦੀ ਜਾਂਚ ਨਹੀਂ ਕਰਵਾਉਂਦੇ ਹਨ, ਜੀਪੀਐੱਸ ਟ੍ਰੈਕਰ ਨਹੀਂ ਪਹਿਨਦੇ ਹਨ ਤੇ ਕੋਵਿਡ-19 ਟੈਸਟ ਕਰਵਾਉਣਾ ਭੁੱਲ ਜਾਂਦੇ ਹਨ ਤਾਂ ਉਨ੍ਹਾਂ ਨੂੰ 60 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਇਹ ਨਿਯਮ ਪਰਿਵਾਰ ਦੇ ਮੈਂਬਰਾਂ ਤੇ ਟੀਮ ਅਧਿਕਾਰੀਆਂ 'ਤੇ ਵੀ ਲਾਗੂ ਹੈ। ਸਾਰੇ ਖਿਡਾਰੀ ਤੇ ਸਹਾਇਕ ਸਟਾਫ ਨੂੰ ਪੰਜ ਦਿਨ ਵਿਚ ਇਕ ਵਾਰ ਕੋਵਿਡ-19 ਟੈਸਟ ਕਰਵਾਉਣਾ ਪੈਂਦਾ ਹੈ।

ਫਰੈਂਚਾਈਜ਼ੀਆਂ ਨੂੰ ਵੀ ਰੱਖਣਾ ਪਵੇਗਾ ਧਿਆਨ :

ਫਰੈਂਚਾਈਜ਼ੀ ਜੇ ਕਿਸੇ ਬਾਹਰੀ ਵਿਅਕਤੀ ਨੂੰ ਖਿਡਾਰੀਆਂ ਜਾਂ ਸਹਾਇਕ ਸਟਾਫ ਨੂੰ ਮਿਲਣ ਬਾਇਓ-ਬਬਲ ਵਿਚ ਆਉਣ ਦਿੰਦੀ ਹੈ ਤਾਂ ਉਨ੍ਹਾਂਦੀ ਪਹਿਲੀ ਵਾਰ ਗ਼ਲਤੀ ਕਰਨ 'ਤੇ ਇਕ ਕਰੋੜ ਰੁਪਏ, ਦੂਜੀ ਵਾਰ ਅਜਿਹਾ ਕਰਨ 'ਤੇ ਇਕ ਅੰਕ ਦਾ ਨੁਕਸਾਨ ਤੇ ਤੀਜੀ ਵਾਰ ਅਜਿਹਾ ਕਰਨ 'ਤੇ ਦੋ ਅੰਕਾਂ ਦਾ ਨੁਕਸਾਨ ਸਹਿਣਾ ਪਵੇਗਾ।