ਮੈਲਬੌਰਨ (ਪੀਟੀਆਈ) : ਮਾਰਕਸ ਸਟੋਈਨਿਸ ਨੇ ਐਤਵਾਰ ਨੂੰ ਇੱਥੇ ਮੈਲਬੌਰਨ ਸਟਾਰਜ਼ ਲਈ 79 ਗੇਂਦਾਂ ਵਿਚ 147 ਦੌੜਾਂ ਦੀ ਪਾਰੀ ਖੇਡ ਕੇ ਬਿਗ ਬੈਸ਼ ਲੀਗ (ਬੀਬੀਐੱਲ) ਦੇ ਇਤਿਹਾਸ ਵਿਚ ਸਭ ਤੋਂ ਵੱਡਾ ਨਿੱਜੀ ਸਕੋਰ ਬਣਾਇਆ। ਉਨ੍ਹਾਂ ਦੀ ਇਸ ਹਮਲਾਵਰ ਪਾਰੀ ਨਾਲ ਮੈਲਬੌਰਨ ਸਟਾਰਜ਼ ਨੇ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਸਿਡਨੀ ਸਿਕਸਰਜ਼ 'ਤੇ 44 ਦੌੜਾਂ ਨਾਲ ਜਿੱਤ ਹਾਸਲ ਕੀਤੀ। ਸਟੋਈਨਿਸ ਨੇ ਇਸ ਧਮਾਕੇਦਾਰ ਪਾਰੀ ਦੌਰਾਨ 13 ਚੌਕੇ ਤੇ ਅੱਠ ਛੱਕੇ ਲਾਏ। ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਵਿਚ ਫਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 2020 ਸੈਸ਼ਨ ਦੀ ਨਿਲਾਮੀ ਤੋਂ ਪਹਿਲਾਂ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਸੀ ਤੇ ਫਿਰ ਦਿੱਲੀ ਕੈਪੀਟਲਜ਼ ਨੇ ਨਿਲਾਮੀ ਵਿਚ ਉਨ੍ਹਾਂ ਨੂੰ ਖ਼ਰੀਦ ਲਿਆ। ਉਹ ਭਾਰਤ ਵਿਚ ਅਗਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਹਿੱਸਾ ਨਹੀਂ ਹਨ। ਸਟੋਈਨਿਸ ਨੇ ਇਸ ਤਰ੍ਹਾਂ ਦੋ ਸਾਲ ਪਹਿਲੇ ਬਣਾਏ ਗਏ ਡੀ ਆਰਚੀ ਸ਼ਾਰਟ ਦੇ ਰਿਕਾਰਡ ਨੂੰ ਤੋੜਿਆ ਜਿਸ ਵਿਚ ਉਨ੍ਹਾਂ ਨੇ 69 ਗੇਂਦਾਂ ਵਿਚ ਅਜੇਤੂ 122 ਦੌੜਾਂ ਦੀ ਪਾਰੀ ਖੇਡੀ ਸੀ। ਸਟੋਈਨਿਸ ਤੇ ਹਿਲਟਨ ਕਾਰਟਰਾਈਟ (59) ਨੇ ਮੈਲਬੌਰਨ ਸਟਾਰਜ਼ ਨੂੰ ਤੈਅ 20 ਓਵਰਾਂ ਵਿਚ ਇਕ ਵਿਕਟ 'ਤੇ 219 ਦੌੜਾਂ ਬਣਾਉਣ ਵਿਚ ਮਦਦ ਕੀਤੀ। ਇਸ ਦੇ ਜਵਾਬ ਵਿਚ ਸਿਡਨੀ ਸਿਕਸਰਜ਼ ਦੀ ਟੀਮ ਸੱਤ ਵਿਕਟਾਂ 'ਤੇ 175 ਦੌੜਾਂ ਹੀ ਬਣਾ ਸਕੀ।

ਦਿੱਲੀ ਕੈਪੀਟਲਜ਼ ਨੇ ਕੀਤੀ ਤਾਰੀਫ਼

ਦਿੱਲੀ ਕੈਪੀਟਲਜ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਉਨ੍ਹਾਂ ਦੀ ਇਸ ਪਾਰੀ ਨੂੰ ਬਿਹਤਰੀਨ ਕਰਾਰ ਦਿੱਤਾ। ਸਟੋਈਨਿਸ ਅੱਠ ਪਾਰੀਆਂ ਵਿਚ 331 ਦੌੜਾਂ ਬਣਾ ਕੇ ਬੀਬੀਐੱਲ ਦੀ ਇਸ ਸੈਸ਼ਨ ਦੀ ਸੂਚੀ ਵਿਚ ਚੋਟੀ 'ਤੇ ਚੱਲ ਰਹੇ ਹਨ। ਇਸ ਆਸਟ੍ਰੇਲੀਆਈ ਹਰਫ਼ਨਮੌਲਾ ਦਾ ਇਹ ਇਸ ਫਾਰਮੈਟ ਵਿਚ ਪਹਿਲਾ ਸੈਂਕੜਾ ਹੈ।