ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਆਈਪੀਐੱਲ ਟੀਮ ਸਨਰਾਈਜਰਜ਼ ਹੈਦਰਾਬਾਦ ਲਈ ਖੇਡਣਾ ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਰਿਹਾ ਕਿਉਂਕਿ ਇਸੇ ਦੌਰਾਨ ਉਨ੍ਹਾਂ ਨੇ ਆਖ਼ਰੀ ਓਵਰਾਂ ਵਿਚ ਗੇਂਦਬਾਜ਼ੀ ਦੇ ਦਬਾਅ ਨਾਲ ਨਜਿੱਠਣਾ ਸਿੱਖਿਆ। ਭਾਰਤੀ ਤੇਜ਼ ਗੇਂਦਬਾਜ਼ੀ ਹਮਲਾ ਇਸ ਸਮੇਂ ਦੁਨੀਆ ਦੇ ਸਰਬੋਤਮ ਹਮਲਿਆਂ ਵਿਚੋਂ ਇਕ ਹੈ ਤੇ ਭੁਵਨੇਸ਼ਵਰ ਇਸ ਦੇ ਅਹਿਮ ਗੇਂਦਬਾਜ਼ ਹਨ। ਭੁਵਨੇਸ਼ਵਰ ਨੇ ਕਿਹਾ ਕਿ ਉਨ੍ਹਾਂ ਵਿਚ ਹਮੇਸ਼ਾ ਤੋਂ ਯਾਰਕਰ ਗੇਂਦ ਸੁੱਟਣ ਦੀ ਕਾਬਲੀਅਤ ਸੀ ਪਰ 2014 ਵਿਚ ਸਨਰਾਈਜਰਜ਼ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੇ ਮਹੱਤਵਪੂਰਨ ਸਮੇਂ ਵਿਚ ਇਸ ਨੂੰ ਸੁੱਟਣ ਦਾ ਹੁਨਰ ਸਿੱਖਿਆ।